ਜਿੱਤ ਦਾ ਸ਼ੁਕਰਾਨਾ ਕਰਦਿਆਂ ਭਾਵੁਕ ਹੋਈ ਹਰਸਿਮਰਤ ਬਾਦਲ

06/01/2019 7:02:42 PM

ਤਲਵੰਡੀ ਸਾਬੋ (ਮੁਨੀਸ਼ ਗਰਗ) : ਲੋਕ ਸਭਾ ਹਲਕਾ ਬਠਿੰਡਾ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕਰਨ ਅਤੇ ਕੇਂਦਰੀ ਮੰਤਰੀ ਬਣਨ ਦੀ ਖੁਸ਼ੀ ਵਿਚ ਹਰਸਿਮਰਤ ਕੌਰ ਬਾਦਲ ਅੱਜ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਏ। ਇਸ ਮੌਕੇ ਹਰਸਿਮਰਤ ਵਲੋਂ ਗੁਰਦੁਆਰਾ ਸਾਹਿਬ ਵਿਚ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਭਾਵੁਕ ਹੋ ਗਏ। 
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਵੱਡੀ ਜੰਗ ਦੱਸਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ। ਭਾਵੁਕ ਹੋਈ ਹਰਸਿਮਰਤ ਨੇ ਕਿਹਾ ਕਿ ਵਿਰੋਧੀਆਂ ਵਲੋਂ ਝੂਠੇ ਦੋਸ਼ ਲਗਾ ਕੇ ਉਨ੍ਹਾਂ ਖਿਲਾਫ ਭੰਡੀ ਪ੍ਰਚਾਰ ਕੀਤਾ ਗਿਆ ਪਰ ਬਾਵਜੂਦ ਇਸ ਦੇ ਜਨਤਾ ਵਲੋਂ ਉਨ੍ਹਾਂ 'ਤੇ ਜਿਸ ਤਰ੍ਹਾਂ ਭਰੋਸਾ ਪ੍ਰਗਟਾਇਆ ਗਿਆ ਹੈ, ਇਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। 
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਖੇ ਏਮਜ਼ ਹਸਪਤਾਲ ਨੂੰ ਜਲਦੀ ਸ਼ੁਰੂ ਕਰਵਾਉਣ ਦੀ ਗੱਲ ਵੀ ਕੀਤੀ। ਹਰਸਿਮਰਤ ਨੇ ਕਿਹਾ ਕਿ ਉਹ ਆਪਣੇ ਮੰਤਰਾਲੇ ਵਿਚ ਕਿਸਾਨਾਂ ਲਈ ਛੋਟੀਆਂ ਸਕੀਮਾਂ ਦੇਣ ਅਤੇ ਨਵੇਂ 70 ਹਜ਼ਾਰ ਯੂਨਿਟ ਲਗਾਉਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਹੋਵੇਗਾ ਤੇ ਹਰ ਵਰਗ ਦੇ ਵਿਅਕਤੀ ਨੂੰ ਰੁਜ਼ਗਾਰ ਦੇਣ ਲਈ ਉਪਰਾਲੇ ਕੀਤੇ ਜਾਣਗੇ।

Gurminder Singh

This news is Content Editor Gurminder Singh