‘...ਚੰਨ ਤੇ ਸੂਰਜ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ!’

12/17/2019 10:46:50 AM

ਸਰਸਾ ਨੰਗਲ (ਸ੍ਰੀ ਅਨੰਦਪੁਰ ਸਾਹਿਬ) (ਸ਼ਮਸ਼ੇਰ ਸਿੰਘ ਡੂਮੇਵਾਲ) – 6 ਅਤੇ 7 ਪੋਹ ਦੀ ਰਾਤ ਨੂੰ ਕਿਲਾ ਅਨੰਦਗੜ੍ਹ ਛੱਡਣ ਮਗਰੋਂ ਸਫਰ-ਏ-ਸ਼ਹਾਦਤ ਦੌਰਾਨ ਸਰਸਾ ਨਦੀ ਦੇ ਕਿਨਾਰੇ ਜੋ ਕੁਝ ਵਾਪਰਿਆ ਉਸ ਦਾ ਜ਼ਖਮ ਤਵਾਰੀਖ ਦੇ ਆਗੋਸ਼ ’ਚ ਆਪਣੀ ਵਚਿੱਤਰ ਅਤੇ ਅਸਹਿ ਪੀੜ ਸਮੋਈ ਬੈਠਾ ਹੈ। ਇਸ ਸਮੁੱਚੇ ਦੁਖਾਂਤ ਦੇ ਵਾਪਰ ਜਾਣ ਦਾ ਖਦਸ਼ਾ ਗੁਰੂ ਜੀ ਨੂੰ ਕਿਲਾ ਛੱਡਣ ਤੋਂ ਪਹਿਲਾਂ ਹੀ ਸੀ। ਇਹੋ ਕਾਰਣ ਸੀ ਕਿ ਮੁਗਲ ਸਲਤਨਤ ਅਤੇ ਪਹਾੜੀ ਰਾਜਿਆਂ ਦੀ ਸਾਂਝੀ ਨੀਤੀ ਦੇ ਨਾਲ-ਨਾਲ ਸਿੰਘਾਂ ਅਤੇ ਮਾਤਾ ਗੁਜਰੀ ਜੀ ਦਾ ਸੁਝਾਅ ਗੁਰੂ ਜੀ ਨੂੰ ਕਿਲਾ ਛੱਡਣ ਲਈ ਮਜਬੂਰ ਕਰ ਰਿਹਾ ਸੀ ਪਰ ਇਸ ਦੇ ਬਾਵਜੂਦ ਗੁਰੂ ਜੀ ਨੇ ਇਸ ਫੈਸਲੇ ਨੂੰ ਤਸਦੀਕ ਕਰਨ ਤੋਂ ਪਹਿਲਾਂ ਸਮੇਂ ਦੇ ਹਾਲਾਤ ਦੀ ਰਣਨੀਤੀ ਪ੍ਰਤੀ ਗੰਭੀਰਤਾ ਨਾਲ ਵਿਚਾਰ ਕੀਤੀ।

ਮੁਗਲ ਸਾਮਰਾਜ ਅਤੇ ਪਹਾੜੀ ਰਾਜਿਆਂ ਦਾ ਸਾਂਝਾ ਮੁਹਾਜ ਕਿਲਾ ਛੁਡਵਾਉਣ ਹਿੱਤ ਭਾਵੇਂ ਕਿ ਗੁਰੂ ਜੀ ਦੇ ਅੱਗੇ ਕੁਰਆਨ-ਏ-ਪਾਕ ਅਤੇ ਪਵਿੱਤਰ ਗੀਤਾ ਦੀਆਂ ਕਸਮਾਂ ਚੁੱਕ ਕੇ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਕਰਨ ਦਾ ਨਿਗੂਣਾ ਯਤਨ ਕਰ ਚੁੱਕਾ ਸੀ ਪਰ ਗੁਰੂ ਜੀ ਰਾਜਨੀਤੀ ਲਈ ਕੀਤੀ ਜਾ ਰਹੀ ਮਜ਼੍ਹਬ ਦੀ ਵਰਤੋਂ ਪ੍ਰਤੀ ਪੂਰੀ ਤਰ੍ਹਾਂ ਇਲਮਬੱਧ ਸਨ। ਗੁਰੂ ਜੀ ਇਸ ਤਹਿਤ ਕਿਲਾ ਛੱਡਣ ਦਾ ਫਰਜ਼ੀ ਤਜਰਬਾ ਕਰ ਕੇ ਦੁਸ਼ਮਣ ਦਲਾਂ ਦੇ ਮਨਸੂਬੇ ਦੀ ਪ੍ਰਤੱਖ ਪੁਸ਼ਟੀ ਕਰ ਚੁੱਕੇ ਸਨ। ਉਹ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਉਨ੍ਹਾਂ ਨੀਤੀਆਂ ਨੂੰ ਪੂਰੀ ਤਰ੍ਹਾਂ ਭਾਪ ਵੀ ਚੁੱਕੇ ਸਨ ਜੋ ਉਹ ਕਈ ਮਹੀਨਿਆਂ ਤੋਂ ਸ਼ਤਰੰਜਬਾਜ਼ੀ ਦੇ ਰੂਪ ’ਚ ਖੇਡਦੇ ਆ ਰਹੇ ਸਨ ਤੇ ਉਹ ਆਪਣੇ ਗਏ-ਗੁਜਰੇ ਉਸ ਵਿਸ਼ਵਾਸ ਨੂੰ ਗੁਰੂ ਜੀ ਦੀਆਂ ਨਜ਼ਰਾਂ ’ਚ ਮੁੜ ਬਹਾਲ ਕਰਨ ਲਈ ਯਤਨਸ਼ੀਲ ਸਨ, ਜੋ ਉਨ੍ਹਾਂ ਦੀਆਂ ਸਵੈਨੀਤੀਆਂ ਕਾਰਣ ਗੁਰੂ ਜੀ ਦੇ ਦਿਲੋਂ ਖਤਮ ਹੋ ਗਿਆ ਸੀ ਅਤੇ ਮੁਗਲ ਇਹ ਗੱਲ ਵੀ ਭਲੀਭਾਂਤ ਜਾਣਦੇ ਸਨ ਕਿ 9 ਵਰ੍ਹਿਆਂ ਦੀ ਉਮਰ ’ਚ ਆਪਣੇ ਪਿਤਾ ਨੂੰ ਧਰਮ ਦੀ ਚਾਦਰ ਦੀ ਉਪਾਧੀ ਦਿਵਾਕੇ ਅਤੇ ਉਨ੍ਹਾਂ ਦੇ ਬਲੀਦਾਨ ਨਾਲ ਦੁਨੀਆ ’ਚ ਨਿਆਰਾ ਪੰਥ ਸਾਜਣ ਦਾ ਸੰਕਲਪ ਅਖਤਿਆਰ ਕਰਨ ਵਾਲਾ ਜਰਨੈਲ ਉਨ੍ਹਾਂ ਅੱਗੇ ਕਿਸੇ ਕੀਮਤ ’ਤੇ ਝੁਕੇਗਾ ਨਹੀਂ। ਅੰਤ ਗੁਰੂ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤਾਂ ਗੁਰੂ ਜੀ ਦਾ ਤਲਖ ਤਜਰਬਾ ਕੁਝ ਫਰਲਾਂਗ ਦੀ ਦੂਰੀ ’ਤੇ ਜਾ ਕੇ ਹੀ ਉਦੋਂ ਸਿਰ ਚੜ੍ਹ ਬੋਲ ਪਿਆ ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਹਕੂਮਤ ਦੇ ਸਾਂਝੇ ਮੁਹਾਜ ਨੇ ਸੰਤ ਸਿਪਾਹੀ ਦੇ ਕਾਫਲੇ ’ਤੇ ਹੱਲਾ ਬੋਲ ਦਿੱਤਾ।

ਕੀ ਕੁਝ ਵਾਪਰਿਆ ਸਰਸਾ ਨਦੀ ਦੇ ਕੰਢੇ ਤੱਕ?
ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਨੇ ਹਕੂਮਤ ਦੀ ਨੀਤੀ ਦੇ ਮੱਦੇਨਜ਼ਰ ਕਾਫਲੇ ਨੂੰ 50-50 ਹਥਿਆਰਬੰਦ ਸਿੰਘਾਂ ਦੀਆਂ ਟੁਕੜੀਆਂ ’ਚ ਤਕਸੀਮ ਕੀਤਾ ਹੋਇਆ ਸੀ। ਵੱਡੇ ਸਾਹਿਬਜ਼ਾਦੇ ਅਤੇ ਪ੍ਰਮੁੱਖ ਸੈਨਿਕ ਗੁਰੂ ਜੀ ਦੇ ਐੈਨ ਨਾਲ ਚੱਲ ਰਹੇ ਸਨ ਜਦੋਂਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇਕ ਥਾਂ ਸਨ। ਦੁਸ਼ਮਣ ਦਲ ਕਦਮ ਦਰ ਕਦਮ ਸਿੰਘਾਂ ਦੇ ਕਾਫਲਿਆਂ ’ਤੇ ਹਮਲਾ ਕਰਦੇ ਸਨ ਅਤੇ ਸਿੰਘ ਹਮਲਿਆਂ ਦਾ ਮੂੰਹਤੋੜਵਾਂ ਜੁਆਬ ਦੇ ਰਹੇ ਸਨ। ਅਜਿਹੇ ਹਾਲਾਤ ’ਚ ਜਦੋਂ ਕਾਫਲਾ ਸ੍ਰੀ ਕੀਰਤਪੁਰ ਸਾਹਿਬ ਲੰਘਿਆ ਤਾਂ ਨਿਰਮੋਹਗੜ੍ਹ ਲਾਗੇ ਭਾਰੀ ਲਸ਼ਕਰ ਉਸ ਕਾਫਲੇ ’ਤੇ ਟੁੱਟ ਪਿਆ ਜਿਸ ਦੀ ਅਗਵਾਈ ਭਾਈ ਉਦੈ ਸਿੰਘ ਕਰ ਰਹੇ ਸਨ। ਇਸ ਮੁਠਭੇੜ ’ਚ ਭਾਈ ਉਦੈ ਸਿੰਘ ਸਣੇ ਸਮੁੱਚਾ ਕਾਫਲਾ ਸ਼ਹਾਦਤ ਦਾ ਜਾਮ ਪੀ ਗਿਆ। ਗੁਰੂ ਕਾਲ ’ਚ ਜਦੋਂ ਰਾਜੇ ਕੇਸਰੀ ਚੰਦ ਨੇ ਕਿਲਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਸ਼ਰਾਬ ’ਚ ਧੁੱਤ ਮਸਤ ਹਾਥੀ ਨੂੰ ਭੇਜਿਆ ਸੀ ਤਾਂ ਭਾਈ ਬਚਿੱਤਰ ਸਿੰਘ ਵਲੋਂ ਹਾਥੀ ਦਾ ਮੂੰਹ ਮੋੜਨ ਤੋਂ ਬਾਅਦ ਭਾਈ ਉਦੈ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਸਿਰ ਕਲਮ ਕੀਤਾ ਸੀ, ਸ਼ਾਇਦ ਇਹੋ ਕਾਰਣ ਸੀ ਕਿ ਪਹਾੜੀ ਰਾਜਿਆਂ ਨੇ ਮੁਗਲ ਸੈਨਿਕਾਂ ਦੀ ਮਦਦ ਨਾਲ ਇਸ ਕਾਫਲੇ ਨੂੰ ਮੁੱਖ ਨਿਸ਼ਾਨਾ ਬਣਾਇਆ।

ਸਰਸਾ ਨਦੀ ਗੁਰੂ ਜੀ ਅਤੇ ਗੁਰੂਕਿਆਂ ਲਈ ਵੱਡੀ ਮੁਸੀਬਤ ਹੋ ਨਿਬੜੀ
ਮੌਸਮ ਦੀ ਵੱਡੀ ਰੁਕਾਵਟ ਦੇ ਆਲਮ ’ਚ ਜਦੋਂ ਗੁਰੂ ਜੀ ਦਾ ਕਾਫਲਾ ਸਰਸਾ ਨਦੀ ਦੇ ਕਿਨਾਰੇ ਤਕ ਵੱਡੀਆਂ ਚੁਣੌਤੀਆਂ ਦਾ ਸਿਰ ਮਿੱਧਦੇ ਪੁੱਜਿਆ ਤਾਂ ਤੂਫਾਨ ਵਾਗੂੰ ਸ਼ੂਕਦੀ ਸਰਸਾ ਨਦੀ ਗੁਰੂ ਜੀ ਅਤੇ ਗੁਰੂਕਿਆਂ ਲਈ ਵੱਡੀ ਮੁਸੀਬਤ ਹੋ ਨਿਬੜੀ। ਦੁਸ਼ਮਣ ਨੂੰ ਇਸ ਘੜੀ ਹਮਲਾ ਕਰਨ ਦਾ ਸ਼ੁੱਭ ਸਬੱਬ ਮਿਲ ਗਿਆ। ਸਿੰਘਾਂ ਅਤੇ ਫੌਜਾਂ ਵਿਚਕਾਰ ਲੋਹੇ ਨਾਲ ਭਿੜ ਰਹੇ ਲੋਹੇ ਨੇ ਸਰਸਾ ਦਾ ਪਾਣੀ ਲਹੂ-ਲੁਹਾਨ ਕਰ ਦਿੱਤਾ। ਹਜ਼ਾਰਾਂ ਮੁਗਲਾਂ ਦੇ ਆਹੂ ਲਾ ਕੇ ਸੈਂਕੜਿਆਂ ਦੀ ਗਿਣਤੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘਾਂ ਨਾਲ ਸਿੰਘਣੀਆਂ ਅਤੇ ਬੱਚਿਆਂ ਦੀ ਗਿਣਤੀ ਵੀ ਘੱਟ ਨਹੀਂ ਸੀ। ਲੋਕਾਈ ਨੂੰ ਸਿਰਲੱਥ ਸੂਰਬੀਰ ਯੋਧਿਆਂ ਨਾਲੋਂ ਵੱਧ ਘਾਟਾ ਉਨ੍ਹਾਂ ਪੁਰਾਤਨ ਗ੍ਰੰਥਾਂ ਦਾ ਪਿਆ ਜੋ ਸਰਸਾ ’ਚ ਰੁੜ੍ਹ ਗਏ। ਬੇਸ਼ੁਮਾਰ ਸਿੰਘ ਸਰਸਾ ਦੀ ਭੇਟ ਚੜ੍ਹ ਗਏ। ਕੌਮ ਦਸਮ ਪਾਤਸ਼ਾਹ ਦੇ ਰਚਿਤ ਉਸ ਸਾਹਿਤ ਨੂੰ ਪੜ੍ਹਨ ਲਈ ਸਦੀਵੀ ਕਾਲ ਲਈ ਵਿਰਵਾ ਹੋ ਗਈ ਜੋ ਗੁਰੂ ਜੀ ਨੇ ਖੁਦ ਕਲਮਬੱਧ ਕੀਤਾ ਸੀ।

ਸਰਸਾ ਨਦੀ ਦੇ ਕੰਢੇ ਵਾਪਰੇ ਇਸ ਭਿਆਨਕ ਦੁਖਾਂਤ ਨੂੰ ਇਕ ਕਵੀ ਦੀ ਕਲਮ ਨੇ ਇਉਂ ਬਿਆਨਿਆ :

‘ਸਰਸਾ ਕੰਢੇ ਘਮਸਾਨ ਦਾ ਯੁੱਧ ਹੋਇਆ, ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ।
ਭੇਟਾ ਨਦੀ ਦੇ ਕੀਮਤੀ ਗ੍ਰੰਥ ਹੋ ਗਏ, ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ।
ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ, ਇੱਟ ਕਿਸੇ ਪਾਸੇ ਰੋੜਾ ਕਿਸੇ ਪਾਸੇ।
‘ਕੋਮਲ’ ਚੰਦ ਤੇ ਸੂਰਜ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ।’

ਕੁਝ ਕੁ ਇਤਿਹਾਸਕਾਰਾਂ ਨੇ ਪੰਜ ਪਿਆਰਿਆਂ ’ਚੋਂ ਇਕ ਭਾਈ ਹਿੰਮਤ ਸਿੰਘ ਦੀ ਸਿੰਘਣੀ ਵੀ ਕਰੀਬ 200 ਸਿੰਘਣੀਆਂ ਦੇ ਜਥੇ ਸਣੇ ਸਰਸਾ ਕਿਨਾਰੇ ਹੋਈ ਸ਼ਹੀਦੀ ਦਾ ਵੀ ਜ਼ਿਕਰ ਕੀਤਾ ਹੈ। ਅਜਿਹੇ ਮੁਠਭੇੜ ’ਚ ਗੁਰੂ ਜੀ ਦਾ ਸਰਬੰਸ ਤਿੰਨ ਹਿੱਸਿਆਂ ’ਚ ਤਕਸੀਮ ਹੋ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਸਣੇ ਗਿਣਤੀ ਦੇ ਸਿੰਘਾਂ ਨਾਲ ਰੂਪਨਗਰ ਵਲ ਹੋ ਤੁਰੇ ਜਦਕਿ ਗੁਰੂ ਦੇ ਮਹਿਲ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਰਵਾਨਾ ਹੋ ਗਏ। ਬਿਰਧ ਮਾਤਾ ਗੁਜਰੀ ਜੀ, ਦੋਵੇ ਛੋਟੇ ਸਾਹਿਬਜ਼ਾਦਿਆਂ ਨਾਲ ਸਰਸਾ ਦੇ ਕੰਢੇ ਤੁਰਦੇ-ਤੁਰਦੇ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਤਕ ਪਹੁੰਚ ਗਏ।

ਕਿਵੇਂ ਸਥਾਪਨਾ ਹੋਈ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ?
ਸਰਸਾ ਨਦੀ ਕਿਨਾਰੇ ਉੱਚੀ ਚੋਟੀ ’ਤੇ ਸਥਿਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਇੱਥੇ ਇਕ ਪੁਰਾਤਨ ਕਬਰ ਹੁੰਦੀ ਸੀ ਜਿਸ ਨੂੰ ਲੋਕ ਪੀਰ ਕਤਾਰ ਕਰ ਕੇ ਜਾਣਦੇ ਸਨ। ਪਿੰਡ ਸਰਸਾ ਨੰਗਲ ਅਤੇ ਸਰਸਾ ਨਦੀ ਦੇ ਐਨ ਵਿਚਕਾਰ ਪਿੰਡ ਟੱਪਰੀਆਂ ਮੁਸਲਮਾਨਾਂ ਵਸਦਾ ਸੀ ਜੋ 1947 ’ਚ ਮੁਸਲਮਾਨਾਂ ਵਲੋਂ ਪਾਕਿਸਤਾਨ ਜਾਣ ਕਾਰਣ ਅੱਜ ਪੂਰੀ ਤਰ੍ਹਾਂ ਵੀਰਾਨ ਪਿਆ ਹੈ। ਕੁਝ ਲੋਕਾਂ ਦਾ ਤਰਕ ਹੈ ਕਿ ਮੁਗਲ ਕਾਲ ਦੌਰਾਨ ਪੀਰ ਕਤਾਰ ਅਸਥਾਨ ਮੁਗਲ ਹਕੂਮਤ ਨੇ ਉਨ੍ਹਾਂ ਸੈਨਿਕਾਂ ਦੀ ਯਾਦ ’ਚ ਸਥਾਪਤ ਕਰਵਾਇਆ ਸੀ ਜੋ ਸਿੰਘਾਂ ਨਾਲ ਲੜਦੇ ਜਾਨਾਂ ਗੁਆ ਚੁੱਕੇ ਸਨ।

1950 ’ਚ ਜਦੋਂ ਭਾਖੜਾ ਨਹਿਰ ਕੱਢਣ ਦਾ ਪ੍ਰਾਜੈਕਟ ਆਰੰਭ ਹੋਇਆ ਤਾਂ ਉਸ ਦੀ ਖੋਦਾਈ ਕਰਨ ਮੌਕੇ ਅਨੇਕਾਂ ਪਿੰਜਰ ਅਤੇ ਹੱਡੀਆਂ ਬਰਾਮਦ ਹੋਏ ਜਿਨ੍ਹਾਂ ਨੇ ਉਕਤ ਜੰਗ ਖੌਫਨਾਕ ਅਤੇ ਭਿਆਨਕ ਹੋਣ ਦੀ ਪ੍ਰਮਾਣਤ ਪੁਸ਼ਟ ਕੀਤੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪੀਰ ਕਤਾਰ ਵਾਲੀ ਥਾਂ ਇਸਲਾਮ ਪ੍ਰਸਤ ਲੋਕ ਮੁਜਰਾ ਵੀ ਕਰਦੇ ਹੁੰਦੇ ਸਨ। ਇਤਿਹਾਸਕ ਪੱਖ ਅਨੁਸਾਰ ਗੁਰੂ ਜੀ ਨੇ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਇਸੇ ਚੋਟੀ ’ਤੇ ਆਸਾ ਦੀ ਵਾਰ ਦਾ ਦੀਵਾਨ ਲਾਇਆ ਸੀ। ਇਸੇ ਕੜੀ ਤਹਿਤ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਨੇ ਇਸ ਅਸਥਾਨ ਨੂੰ ਯਾਦਗਾਰ ਦੇ ਰੂਪ ’ਚ ਸਥਾਪਤ ਕਰਨ ਦਾ ਸੰਕਲਪ ਲਿਆ ਜੋ ਭਾਖੜਾ ਨਹਿਰ ਦੀ ਖੋਦਾਈ ਕਾਰਣ ਮਿਥੇ ਸਮੇਂ ਤਕ ਮੁਕੰਮਲ ਨਹੀਂ ਹੋ ਸਕਿਆ।

ਇਸ ਉਪਰੰਤ ਇਸ ਅਸਥਾਨ ਦੀ ਸੇਵਾ ਕਰਵਾਉਣ ਦਾ ਬੀੜਾ ਸੰਤ ਅਜੀਤ ਸਿੰਘ ਜੀ ਪਰਿਵਾਰ ਵਿਛੋੜਾ ਸਾਹਿਬ ਵਾਲਿਆਂ ਨੇ ਚੁੱਕਿਆ, ਜਿਨ੍ਹਾਂ ਕਿ ਪਿੰਡ ਨਹੋਲਕਾ ਤੇ ਘੜੂੰਆਂ (ਮੋਹਾਲੀ) ਵਿਚਲੀ 8 ਏਕੜ ਵਿਰਾਸਤੀ ਜ਼ਮੀਨ ਵੇਚ ਕੇ ਇਸ ਅਸਥਾਨ ਦੀ ਸੁੰਦਰ ਅਤੇ ਵਿਲੱਖਣ ਰੂਪ ’ਚ ਸੇਵਾ ਕਰਵਾਈ ਉਪਰੰਤ 1998 ’ਚ ਇਹ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ। ਇਸੇ ਕੜੀ ਤਹਿਤ ਹੀ ਪਿੰਡ ਸਰਸਾ ਨੰਗਲ ਦੇ ਵਸਨੀਕ ਸ. ਬਚਿੱਤਰ ਸਿੰਘ ਪਟਵਾਰੀ ਨੇ ਆਪਣੀ 8 ਏਕੜ ਜ਼ਮੀਨ ਉਕਤ ਅਸਥਾਨ ਨੂੰ ਸਪੁਰਦ ਕੀਤੀ।

rajwinder kaur

This news is Content Editor rajwinder kaur