ਦੇਸ਼ ਨੂੰ ਅਜਿਹੇ PM ਦੀ ਲੋੜ ਹੈ, ਜਿਸ ਕੋਲੋਂ ਦੁਸ਼ਮਣ ਕੰਬਣ ਤੇ ਦੁਨੀਆ ਸਤਿਕਾਰ ਕਰੇ : ਸੁਖਬੀਰ

05/03/2019 12:44:50 PM

ਸ੍ਰੀ ਅਨੰਦਪੁਰ ਸਾਹਿਬ/ਨਵਾਂ ਸ਼ਹਿਰ/ ਬੰਗਾ(ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਪਣੀ ਕਮਾਲ ਦੀ ਅੰਤਰਰਾਸ਼ਟਰੀ ਕੂਟਨੀਤੀ ਰਾਹੀਂ ਦੇਸ਼ ਦੀ ਤਾਕਤ ਅਤੇ ਰੁਤਬੇ ਨੂੰ ਅਣਕਿਆਸੀਆਂ ਬੁਲੰਦੀਆਂ ਤਕ ਲੈ ਗਏ ਹਨ। ਇੱਥੋਂ ਤਕ ਕਿ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਤੇ ਚੀਨ ਵਰਗੇ ਮੁਲਕ ਵੀ ਸਤਿਕਾਰ ਨਾਲ ਉਨ੍ਹਾਂ ਦੀ ਗੱਲ ਸੁਣਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਇਹ ਸਾਡੇ ਦੇਸ਼ ਦਾ ਨਵਾਂ ਰੁਤਬਾ ਹੈ। ਇੱਥੇ ਅਕਾਲੀ-ਭਾਜਪਾ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਨੂੰ ਇਕ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ, ਜਿਸ ਕੋਲੋਂ ਦੁਸ਼ਮਣ ਕੰਬਣ ਅਤੇ ਕੌਮਾਂਤਰੀ ਭਾਈਚਾਰਾ ਜਿਸ ਦਾ ਸਤਿਕਾਰ ਕਰੇ। ਸ਼੍ਰੀ ਮੋਦੀ ਇਕਲੌਤੇ ਆਗੂ ਹਨ, ਜਿਹੜੇ ਅਜਿਹੀ ਕਾਬਲੀਅਤ ਦੇ ਮਾਲਕ ਹਨ।

ਇਸ ਮੌਕੇ ਉਨ੍ਹਾਂ ਨੇ ਸੂਬੇ ਅੰਦਰਲੀ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆ ਰਹੀ ਲੋਕ ਸਭਾ ਚੋਣ ਪੰਜਾਬ ਦਾ ਇਸ ਨਿਕੰਮੇ ਮੁੱਖ ਮੰਤਰੀ ਤੋਂ ਖਹਿੜਾ ਛੁਡਾ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਅੰਦਰ ਲੋਕਾਂ ਦੇ ਗੁੱਸੇ ਦੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਬਾਦਲ ਨੇ ਮੰਡੀਆਂ ਵਿਚ ਕਣਕ ਦੀ ਸੁਸਤ ਖਰੀਦ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਕਿਸਾਨਾਂ ਦੀ ਅਣਦੇਖੀ ਕਰਨ ਲਈ ਕਾਂਗਰਸ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਨੂੰ ਸਖ਼ਤ ਝਾੜ ਪਾਈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਮੀ ਹੈ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਦੀ ਖਰੀਦ ਵਾਸਤੇ ਲੰਬੀ ਉਡੀਕ ਕਰਨੀ ਪੈ ਰਹੀ ਹੈ ਪਰ ਉੱਥੇ ਕੋਈ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਹੈ। ਮੁੱਖ ਮੰਤਰੀ ਨੇ ਸਿਰਫ ਇਕ ਵਾਰ ਅਖ਼ਬਾਰਾਂ ਵਿਚ ਫੋਟੋਆਂ ਛਪਾਉਣ ਵਾਸਤੇ ਇਕ ਮੰਡੀ ਦਾ ਦੌਰਾ ਕੀਤਾ ਸੀ ਪਰ ਉਸ ਤੋਂ ਬਾਅਦ ਉਹ ਕਿਤੇ ਵਿਖਾਈ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਮਦਦ ਲਈ ਚੀਕਾਂ ਮਾਰ ਰਹੇ ਹਨ ਪਰ ਮੁੱਖ ਮੰਤਰੀ ਨੂੰ ਆਰਾਮਪ੍ਰਸਤੀ ਅਤੇ ਐਸ਼ਪ੍ਰਸਤੀ ਤੋਂ ਵਿਹਲ ਨਹੀਂ ਹੈ। ਉਹ ਕਿਸਾਨਾਂ ਵਾਸਤੇ ਸਿਰਫ ਪ੍ਰੈੱਸ ਬਿਆਨ ਜਾਰੀ ਕਰ ਰਿਹਾ ਹੈ।

ਸ. ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਧੜੇਬੰਦੀ ਦਾ ਸ਼ਿਕਾਰ ਹੋਈ ਕਾਂਗਰਸ ਦੇ ਚੋਣ-ਪ੍ਰਚਾਰ ਦਾ ਵੀ ਮਾੜਾ ਹਾਲ ਹੈ। ਉਨ੍ਹਾਂ ਦੇ ਸਾਰੇ ਆਗੂ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ਰਮਨਾਕ ਹਾਰ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਕੰਧਾਂ ਉੱਤੇ ਲਿਖੀ ਦਿਖਾਈ ਦੇ ਰਹੀ ਹੈ, ਜਿਸ ਕਰਕੇ ਉਸ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਸੱਤਾਧਾਰੀ ਪਾਰਟੀ ਅੰਦਰ ਫੈਲੀ ਘਬਰਾਹਟ ਅਤੇ ਡਰ ਸਾਫ ਵਿਖਾਈ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਾਸਤੇ ਇਕ ਗਾਰੰਟੀ ਬਣ ਚੁੱਕਿਆ ਹੈ।

cherry

This news is Content Editor cherry