ਸੁਲਤਾਨਪੁਰ ਲੋਧੀ 'ਚ ਨਿਹੰਗ ਸਿੰਘ ਜਥੇਬੰਦੀਆਂ ਦੇ ਆਪਸੀ ਟਕਰਾਅ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਐਕਸ਼ਨ

11/25/2023 5:43:05 AM

ਅੰਮ੍ਰਿਤਸਰ (ਸਰਬਜੀਤ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਦਿਨੀਂ ਨਿਹੰਗ ਸਿੰਘ ਜਥੇਬੰਦੀਆਂ ਦੀ ਆਪਸੀ ਟਕਰਾਅ ਦੀ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਟਕਰਾਅ ਨਾਲ ਗੁਰਦੁਆਰਾ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਵੀ ਢਾਹ ਲੱਗੀ ਹੈ, ਜੋ ਕੇ ਬਿਲਕੁਲ ਉਚਿਤ ਨਹੀਂ ਹੈ। ਸਿੰਘ ਸਾਹਿਬ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਜੀ ਦੀ ਮਾਣ ਮਰਿਆਦਾ ਨਾਲ ਸੰਸਾਰ ਭਰ ਵਿਚ ਵਸਦੇ ਸਮੂਹ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। 

SGPC ਨੂੰ ਦਿੱਤੇ ਹੁਕਮ

ਸਿੰਘ ਸਾਹਿਬ ਜੀ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਸ ਮਸਲੇ ਦੀ ਮੁਕੰਮਲ ਘੋਖ ਪੜਤਾਲ ਕਰਕੇ ਰਿਪੋਰਟ ਇਕ ਹਫ਼ਤੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।

ਇਹ ਖ਼ਬਰ ਵੀ ਪੜ੍ਹੋ - ਸੁਲਤਾਨਪੁਰ ਲੋਧੀ ਪੁਲਸ ਵੱਲੋਂ 2 ਹੋਰ ਨਿਹੰਗ ਸਿੰਘ ਗ੍ਰਿਫ਼ਤਾਰ

ਜਾਣੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਜਿਸ ’ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਲ ਦਾ ਕਬਜ਼ਾ ਹੈ, ’ਤੇ ਮੰਗਲਵਾਰ ਸਵੇਰੇ ਬੁੱਢਾ ਦਲ ਦੇ ਦੂਜੇ ਧੜੇ ਦੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਦੀ ਅਗਵਾਈ 'ਚ ਨਿਹੰਗ ਸਿੰਘ ਜਥੇਬੰਦੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਜਬਰੀ ਹਮਲਾ ਕਰਕੇ ਡੇਰੇ ਅਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਗਿਆ ਸੀ। ਇਸ ਮਗਰੋਂ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਲਈ ਨਿਹੰਗ ਸਿੰਘਾਂ ਅਤੇ ਪੁਲਸ ਵਿਚਾਲੇ ਮੁੱਠਭੇੜ ਹੋ ਗਈ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਗੋਲ਼ੀਬਾਰੀ ਹੋਈ। ਪੁਲਸ ਟੀਮ ’ਤੇ ਨਿਹੰਗ ਸਿੰਘਾਂ ਨੇ ਫਾਇਰਿੰਗ ਕਰ ਦਿੱਤੀ ਸੀ, ਜਿਸ ਕਾਰਨ ਪੰਜਾਬ ਹੋਮਗਾਰਡ ਦਾ ਇਕ ਜਵਾਨ ਜਸਪਾਲ ਸਿੰਘ (50) ਪੁੱਤਰ ਦਲੀਪ ਸਿੰਘ ਨਿਵਾਸੀ ਪਿੰਡ ਮਨਿਆਲਾ (ਥਾਣਾ ਸੁਲਤਾਨਪੁਰ ਲੋਧੀ) ਸਿਰ ਵਿਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ, ਜਦਕਿ ਥਾਣਾ ਭੁਲੱਥ ਦੇ ਡੀ. ਐੱਸ. ਪੀ. ਭਾਰਤ ਭੂਸ਼ਣ ਸੈਣੀ ਸਮੇਤ ਤਕਰੀਬਨ 12 ਹੋਰ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ 7 ਪੁਲਸ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਤੋਂ ਮੈਡੀਕਲ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ ਸੀ, ਜਦਕਿ 5 ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - Breaking News: ਜਲੰਧਰ 'ਚ ਵੱਡਾ ਹਾਦਸਾ, ਘਰ 'ਚ ਸਿਲੰਡਰ ਫਟਣ ਨਾਲ ਵਿਅਕਤੀ ਦੀ ਹੋਈ ਮੌਤ

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਿਊਟੀ ਡਾਕਟਰਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਏ. ਐੱਸ. ਆਈ. ਸੁਖਦੇਵ ਸਿੰਘ, ਏ. ਐੱਸ. ਆਈ. ਹਰਭਜਨ ਸਿੰਘ, ਏ. ਐੱਸ. ਆਈ. ਅਸ਼ੋਕ ਕੁਮਾਰ, ਏ. ਆਰ. ਪੀ. ਕਾਂਸਟੇਬਲ ਬਬਲਪ੍ਰੀਤ ਸਿੰਘ, ਏ. ਐੱਸ. ਆਈ. ਗੁਰਮੀਤ ਸਿੰਘ, ਪੰਜਾਬ ਹੋਮਗਾਰਡ ਜਵਾਨ ਸੁਰਿੰਦਰ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਜਗਦੀਪ ਸਿੰਘ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra