ਛੇਵੇਂ ਤਖਤ ਦੇ ਪ੍ਰਸਤਾਵ ’ਤੇ ਸਿੱਖ ਜਗਤ ’ਚ ਛਿੜਿਆ ਵਿਵਾਦ, ਸਰਨਾ ਨੇ ਕਿਹਾ-ਬਣ ਸਕਦੈ

12/09/2018 8:52:42 AM

ਜਲੰਧਰ, (ਵਿਸ਼ੇਸ਼)– ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ  ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਸਿੱਖਾਂ ਦੇ ਛੇਵੇਂ ਤਖਤ ਦੀ ਸਥਾਪਨਾ ਨੂੰ ਲੈ ਕੇ ਪੇਸ਼ ਕੀਤੇ ਗਏ ਪ੍ਰਸਤਾਵ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਪ੍ਰਸਤਾਵ ਨੂੰ ਲੈ ਕੇ ਪੰਥਕ ਸੰਗਠਨਾਂ ਅਤੇ ਧਾਰਮਕ ਨੇਤਾਵਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿੱਖ ਧਰਮ ਵਿਚ ਸੰਭਵ ਨਹੀਂ ਹੈ। ਜੇ ਇੰਝ ਹੁੰਦਾ ਹੈ ਤਾਂ ਇਸ ਨਾਲ ਵਿਵਾਦ ਵਧ ਸਕਦਾ ਹੈ। 
ਸਿੱਖ ਤਖਤ ਕੀ ਹਨ-
ਤਖਤ ਇਕ ਪਰਸ਼ੀਅਨ ਸ਼ਬਦ ਹੈ, ਜਿਸ ਦਾ ਭਾਵ ਹੈ ਅਧਿਕਾਰਾਂ ਦੀ ਗੱਦੀ। ਸਿੱਖ ਧਰਮ ਵਿਚ ਤਖਤ ਉਹ ਹੈ ਜਿੱਥੇ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਏ, ਜਿਥੇ ਸਿੱਖ ਸਿਧਾਂਤਾਂ ਦੀ ਗੱਲ ਹੋਵੇ। ਸਿੱਖ ਧਰਮ ਵਿਚ 5 ਤਖਤ ਹਨ। ਇਨ੍ਹਾਂ ਵਿਚੋਂ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ। ਇਸਦੀ ਨੀਂਹ 1606 ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰੱਖੀ ਸੀ।
ਦੂਜਾ ਤਖਤ ਸ੍ਰੀ ਪਟਨਾ ਸਾਹਿਬ ਹੈ, ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ।
ਤੀਜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
ਚੌਥਾ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਵਿਖੇ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ।
ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਹੈ, ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੀ ਕਥਾ ਟਕਸਾਲੀ ਸਿੰਘਾਂ ਨੂੰ ਸੁਣਾਈ ਸੀ ਅਤੇ ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਵਿਚ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਗਈ ਸੀ। 
ਸਿੱਖ ਇਤਿਹਾਸਕਾਰਾਂ ਮੁਤਾਬਕ ਇਸਨੂੰ ਦਮਦਮੀ ਸਵਰੂਪ ਵੀ ਕਿਹਾ ਜਾਂਦਾ ਹੈ। ਸ੍ਰੀ ਕਰਤਾਰਪੁਰ ਸਾਹਿਬ ਵਾਲੇ ਸਵਰੂਪ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਨਹੀਂ ਸੀ। ਸਿੱਖ ਵਿਦਵਾਨ ਗਿਆਨੀ ਗੁਰਦਿਤ ਸਿੰਘ ਦੀ ਖੋਜ ਮੁਤਾਬਕ ਸਰਕਾਰੀ ਮਾਲ ਦਸਤਾਵੇਜ਼ਾਂ ਵਿਚ ਇਸ ਨੂੰ ਗੁਰੂ ਕਾਸ਼ੀ ਤਖਤ ਲਿਖਿਆ ਗਿਆ ਸੀ। ਇਸ ਲਈ ਇਸ ਦੀ ਸਥਾਪਨਾ ਸਮੁੱਚੇ ਖਾਲਸਾ ਪੰਥ ਵਲੋਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਿਚ ਪ੍ਰਸਤਾਵ ਪਾਸ ਕਰਵਾ ਕੇ ਕਰਵਾਈ ਗਈ ਸੀ।

ਤਖਤਾਂ ਦੀ ਲੋੜ ਇਸ ਲਈ ਪਈ-
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਪੰਥ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ ਕਰ ਕੇ ਉਨ੍ਹਾਂ ਨੂੰ ਹੱਲ ਕੀਤਾ ਜਾਂਦਾ ਸੀ। ਪੰਥਕ ਮਸਲਿਆਂ ਦੇ ਨਾਲ-ਨਾਲ ਖੇਤਰੀ ਫੈਸਲੇ ਲੈਣ ਲਈ ਦੂਜੇ ਤਖਤ ਸਥਾਪਿਤ ਕੀਤੇ ਗਏ ਪਰ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਸੁਣਾਇਆ ਜਾਂਦਾ ਹੈ। ਇਸਦੇ ਨਾਲ ਹੀ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਦਰਮਿਆਨ ਵਿਚਾਰ-ਵਟਾਂਦਰੇ ਦੀ ਲੋੜ ਪੈਣ ’ਤੇ ਬੁੱਧੀਜੀਵੀਆਂ ਜਾਂ ਵਿਦਵਾਨਾਂ ਦੀ ਵੀ  ਰਾਏ ਲਈ ਜਾ ਸਕਦੀ ਹੈ। ਪੰਜ ਤਖਤਾਂ ਦੇ ਜਥੇਦਾਰਾਂ ਵਿਚੋਂ ਕੋਈ ਵੀ ਜਥੇਦਾਰ ਗੈਰ-ਹਾਜ਼ਰ ਹੋਵੇ ਤਾਂ ਉਨ੍ਹਾਂ ਦੀ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ  ਮੁੱਖ ਗ੍ਰੰਥੀ, ਗ੍ਰੰਥੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਵੀ ਸ਼ਾਮਲ ਕੀਤਾ ਜਾ
 ਸਕਦਾ ਹੈ। 

ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਕੌਣ ਕਰਦਾ ਹੈ ਨਿਯੁਕਤੀ-
ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਸਮੁੱਚੇ ਸਿੱਖ ਪੰਥ ਵਲੋਂ ਕੀਤੀ  ਜਾਂਦੀ ਹੈ ਕਿਉਂਕਿ ਸਮੂਹ ਸਿੱਖ ਭਾਈਚਾਰਿਆਂ, ਜਥੇਬੰਦੀਆਂ, ਸੋਸਾਇਟੀਆਂ ਅਤੇ ਟਕਸਾਲਾਂ ਵਲੋਂ ਮਿਲ ਕੇ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਆਪਣੇ ਕੋਲ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੀ ਹੋਈ ਸਮੁੱਚੇ ਖਾਲਸਾ ਪੰਥ ਵਲੋਂ ਜਥੇਦਾਰ ਸਾਹਿਬਾਨ ਨਿਯੁਕਤੀ ਕਰਦੀ ਹੈ।

 ਮੁੱਦਾ ਛੇਵੇਂ ਤਖਤ ਦੀ ਸਥਾਪਨਾ ਦਾ—
ਇਹ ਇਕ ਅਹਿਮ ਸਵਾਲ ਹੈ, ਜਿਸ ’ਤੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਛਿੜੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ  550ਵੇਂ ਪ੍ਰਕਾਸ਼ ਪੁਰਬ ਤੋਂ ਇਕ ਸਾਲ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਛੇਵੇਂ ਤਖਤ ਦੀ ਸਥਾਪਨਾ ਦੀ ਗੱਲ ਕਹੀ। ਉਸ ਪਿੱਛੋਂ ਵਿਵਾਦ ਸ਼ੁਰੂ ਹੋ ਗਿਆ। ਇਸ ਨੂੰ ਲੈ ਕੇ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਧਾਰਮਕ ਆਗੂਆਂ ਵਲੋਂ ਤਿੱਖਾ ਵਿਰੋਧ ਪ੍ਰਗਟ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਛੇਵਾਂ ਤਖਤ ਸਿੱਖ ਧਰਮ ਵਿਚ ਸੰਭਵ ਨਹੀਂ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਸਿੱਖ ਧਰਮ ਵਿਚ ਵਿਵਾਦ ਵਧ ਸਕਦਾ ਹੈ। ਇਸ ਬਾਰੇ ਜਦੋਂ ਵੱਖ-ਵੱਖ ਪੰਥਕ ਆਗੂਆਂ, ਸਿੰਘ ਸਾਹਿਬਾਨ, ਧਾਰਮਕ ਸ਼ਖਸੀਅਤਾਂ ਅਤੇ ਟਕਸਾਲੀ ਨੇਤਾਵਾਂ ਦੀ ਰਾਏ ਲਈ ਗਈ ਤਾਂ ਉਨ੍ਹਾਂ ਵੱਖ-ਵੱਖ ਪ੍ਰਤੀਕਰਮ ਪ੍ਰਗਟ ਕੀਤੇ।


'' ਜੋ ਪ੍ਰੰਪਰਾ ਸਿੱਖ ਧਰਮ ਵਿਚ ਚਲਦੀ ਆ ਰਹੀ ਹੈ, ਸਾਨੂੰ ਉਸ ’ਤੇ ਹੀ ਕਾਇਮ ਰਹਿਣਾ ਚਾਹੀਦਾ ਹੈ। ''
-ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ ਐੱਸ. ਜੀ. ਪੀ. ਸੀ. 
'' ਸਿੱਖੀ ਵਿਚ ਪੰਚ ਹੀ ਪ੍ਰਧਾਨ ਹੈ। ਉਹ ਭਾਵੇਂ ਪੰਜ ਪਿਆਰੇ ਹੋਣ ਜਾਂ ਪੰਜ ਪ੍ਰਧਾਨ। ਗੁਰੂ ਜੀ ਨੇ ਜਿੱਥੇ ਹੁਕਮਨਾਮਾ ਸੁਣਾਇਆ ਸੀ, ਉਥੇ ਤਖਤ ਸਾਹਿਬ ਸਥਾਪਿਤ ਹੋਇਆ ਹੈ। ''
-ਬਲਜੀਤ ਸਿੰਘ ਦਾਦੂਵਾਲ
'' ਕਿਸੇ ਵੀ ਤਖਤ ਦੀ ਸਥਾਪਨਾ ਕਿਸੇ ਵਿਅਕਤੀ ਵਿਸ਼ੇਸ਼ ਦੇ ਕਹਿਣ ’ਤੇ ਨਹੀਂ ਹੁੰਦੀ, ਇਸ ਲਈ ਪੂਰੀ ਕੌਮ ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ। ਸ੍ਰੀ ਨਨਕਾਣਾ ਸਾਹਿਬ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਉਸਦੀ ਆਪਣੀ ਅਹਿਮੀਅਤ ਹੈ। ਇਹ  ਪ੍ਰਸਤਾਵ ਅਰਥਹੀਣ ਹੈ। ''
-ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ. 
 
'' ਛੇਵੇਂ ਤਖਤ ਦੀ ਗੱਲ ਤਾਂ ਸੁਪਨੇ ’ਚ ਵੀ ਨਹੀਂ ਸੋਚੀ ਜਾ ਸਕਦੀ। ਜਿਹੜੇ ਵਿਅਕਤੀ ਅਜਿਹੀਆਂ ਗੱਲਾਂ ਕਰ ਰਹੇ ਹਨ, ਉਹ ਸਿਧਾਂਤਾਂ ਦੇ ਉਲਟ ਬੋਲ ਰਹੇ ਹਨ। ''
-ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ
'' ਪੰਚ ਦੀ ਪ੍ਰਧਾਨਤਾ ਹੈ। ਛੇਵੇਂ ਤਖਤ ਦੀ ਗੱਲ ਪੰਥ ਵਿਚ ਵਿਵਾਦ ਪੈਦਾ ਕਰਨ ਵਾਲੀ ਹੈ। ਇਸਨੂੰ ਨਹੀਂ ਮੰਨਿਆ ਜਾ ਸਕਦਾ। ''
-ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
ਇਨ੍ਹਾਂ ਵੀ ਪ੍ਰਗਟਾਇਆ ਵਿਰੋਧ—
ਟਕਸਾਲੀ ਨੇਤਾ ਹਰਨਾਮ ਸਿੰਘ ਖਾਲਸਾ ਨੇ ਤਿੱਖਾ ਵਿਰੋਧ ਪ੍ਰਗਟਾਇਆ ਹੈ। ਉਨ੍ਹਾਂ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਦਾ ਕਹਿਣਾ ਹੈ ਕਿ ਸਰਨਾ ਦੀ ਇਹ ਕਾਰਵਾਈ ਪੰਥ ਨੂੰ ਮੁਸ਼ਕਲ ਵਿਚ ਪਾਉਣ ਵਾਲੀ ਹੈ। ਐੱਸ. ਜੀ. ਪੀ. ਸੀ. ਦੀ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦਾ ਕਹਿਣਾ ਹੈ ਕਿ ਸਰਨਾ ਹਮੇਸ਼ਾ ਪੰਥ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਹਮੇਸ਼ਾ ਕਾਂਗਰਸ ਦੀਆਂ ਨੀਤੀਆਂ ’ਤੇ ਚਲਦੇ ਹਨ। ਇਸਦੇ ਨਾਲ ਹੀ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਇਕ ਸਿਰੇ ਤੋਂ ਰੱਦ ਕਰ ਦਿੱਤਾ। 
ਵਿਰੋਧ ਤਾਂ ਹੋਵੇਗਾ ਹੀ : ਸਰਨਾ
ਛੇਵੇਂ ਤਖਤ ਦੇ ਪ੍ਰਸਤਾਵ ’ਤੇ ਪੈਦਾ ਵਿਵਾਦ ਬਾਰੇ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਛੇਵਾਂ ਤਖਤ ਬਣ ਸਕਦਾ ਹੈ। ਉਂਝ ਤਾਂ ਪਹਿਲਾਂ 4 ਹੀ ਤਖਤ ਸਨ। ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਨੂੰ ਲੈ ਕੇ 1960 ਵਿਚ ਸੰਤ ਫਤਹਿ ਸਿੰਘ ਨੇ ਪ੍ਰਸਤਾਵ ਰੱਖਿਆ ਸੀ। ਉਸ ਤੋਂ 10 ਸਾਲ ਬਾਅਦ 1970 ਵਿਚ ਪੰਜਵੇਂ ਤਖਤ ਦੀ ਸਥਾਪਨਾ ਹੋ  ਗਈ। ਹਰ ਕੰਮ ਨੂੰ ਸਮਾਂ ਲੱਗਦਾ ਹੈ। ਪ੍ਰਸਤਾਵ ਰੱਖਿਆ ਹੈ, ਵਿਰੋਧ ਵੀ ਹੋਵੇਗਾ ਪਰ ਹੌਲੀ-ਹੌਲੀ ਇਹ ਸਿੱਖ ਕੌਮ ਦੀ ਆਵਾਜ਼ ਬਣ ਜਾਏਗਾ।