ਪੰਥ ''ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਵਲੋਂ ਸ੍ਰੀ ਅਕਾਲ ਤਖਤ ਕੋਲ ਚਾਰਾ-ਜ਼ੋਈ

10/15/2019 6:48:22 PM

ਅੰਮ੍ਰਿਤਸਰ : ਇਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਥ 'ਚੋਂ ਛੇਕੇ ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਨੇ ਪੰਥ 'ਚ ਵਾਪਸੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਲਈ ਚਾਰਾ-ਜ਼ੋਈ ਕੀਤੀ ਹੈ। ਲੰਗਾਹ ਨੇ ਸ੍ਰੀ ਅਕਾਲ ਤਖ਼ਤ ਨੂੰ ਚਿੱਠੀ ਲਿਖ ਕੇ ਪੰਥ 'ਚ ਵਾਪਸੀ ਦੀ ਅਪੀਲ ਕੀਤੀ ਹੈ। ਅਸ਼ਲੀਲ ਵੀਡੀਓ ਵਾਇਰਲ ਹੋਣ ਅਤੇ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਲੰਗਾਹ ਤੋਂ ਪੰਥ 'ਚੋਂ ਛੇਕਿਆ ਗਿਆ ਸੀ। ਹੁਣ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਕਾਰਨਾਂ ਕਰਕੇ ਪੰਥ ਵਿਚੋਂ ਛੇਕੇ ਵਿਅਕਤੀਆਂ ਨੂੰ ਸ੍ਰੀ ਅਕਾਲ ਤਖਤ ਕੋਲ ਖਿਮਾ ਯਾਚਨਾ ਕਰਨ ਤੇ ਆਪਣਾ ਗੁਨਾਹ ਕਬੂਲ ਕਰਨ 'ਤੇ ਮੁਆਫ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਮਾਮਲੇ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਵਿਖੇ 21 ਅਕਤੂਬਰ ਨੂੰ ਹੋ ਰਹੀ ਇਕੱਤਰਤਾ ਵਿਚ ਵਿਚਾਰੇ ਜਾਣਗੇ।

ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਥ ਵਿਚੋਂ ਛੇਕੇ ਵਿਅਕਤੀਆਂ ਵਿਚੋਂ ਜੇਕਰ ਕੋਈ ਆਪਣਾ ਗੁਨਾਹ ਕਬੂਲ ਕਰਦਿਆਂ ਮੁਆਫ਼ੀ ਮੰਗਦਾ ਹੈ ਤਾਂ ਉਸ ਦੀ ਖਿਮਾ ਯਾਚਨਾ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ ਵਿਅਕਤੀਗਤ ਤੌਰ 'ਤੇ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਦੇ ਮਾਮਲੇ ਹੀ ਵਿਚਾਰੇ ਜਾਣਗੇ।

ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਗੁਰੂ ਸਾਹਿਬ ਵੱਲੋਂ ਤੇ ਸਮੁੱਚੀ ਸਿੱਖ ਸੰਗਤ ਵੱਲੋਂ ਜਿਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ, ਉਨ੍ਹਾਂ ਦੀ ਵਾਪਸੀ ਲਈ ਮਾਮਲੇ ਨਹੀਂ ਵਿਚਾਰੇ ਜਾ ਸਕਦੇ। ਉਨ੍ਹਾਂ ਆਖਿਆ ਕਿ ਪੰਥ ਵਿੱਚੋਂ ਛੇਕੇ ਵਿਅਕਤੀ ਜੇਕਰ ਅਕਾਲ ਚਲਾਣਾ ਕਰ ਗਏ ਹਨ ਤਾਂ ਉਨ੍ਹਾਂ ਦੇ ਪਰਿਵਾਰ ਵੀ ਆਪਣੇ ਆਪ ਨੂੰ ਇਨ੍ਹਾਂ ਦੋਸ਼ਾਂ ਤੋਂ ਸੁਰਖਰੂ ਕਰਨ ਲਈ ਇਸ ਪਹਿਲਕਦਮੀ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਇਸ ਸਬੰਧੀ ਕਿਸੇ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ, ਜੋ ਖੁਦ ਖਿਮਾ ਯਾਚਨਾ ਲਈ ਆਉਣਾ ਚਾਹੇ, ਉਸ ਦਾ ਮਾਮਲਾ ਵਿਚਾਰਿਆ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਪੰਥ ਵਿਚੋਂ ਛੇਕੇ ਲਗਪਗ ਦੋ ਦਰਜਨ ਵਿਅਕਤੀਆਂ ਵਿਚੋਂ ਦੋ ਵਿਅਕਤੀਆਂ ਵੱਲੋਂ ਖਿਮਾ ਯਾਚਨਾ ਸਬੰਧੀ ਅਪੀਲ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ 'ਤੇ ਪੱਤਰ ਵੀ ਭੇਜੇ ਗਏ ਹਨ। ਇਨ੍ਹਾਂ ਵਿਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਸ਼ਾਮਲ ਹਨ।

Gurminder Singh

This news is Content Editor Gurminder Singh