ਐੱਸ. ਟੀ. ਐੱਫ. ਨੇ ਨਸ਼ਿਆਂ ਸਬੰਧੀ ਜਾਗਰੂਕਤਾ ਮੁਹਿੰਮ ਛੇੜੀ

07/18/2018 6:58:13 AM

ਜਲੰਧਰ (ਧਵਨ) - ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਸੂਬੇ 'ਚ ਨਸ਼ਿਆਂ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਆਪਣਾ ਮੰਚ ਬਣਾਇਆ ਹੈ ਜਿਸ ਦੇ ਜ਼ਰੀਏ ਇਸ ਨਾਲ ਜੁੜੇ ਉਚ ਅਧਿਕਾਰੀ ਜਨਤਾ ਦੇ ਸਵਾਲਾਂ ਦੇ ਜਵਾਬ ਤਾਂ ਦੇ ਹੀ ਰਹੇ ਹਨ ਪਰ ਨਾਲ ਹੀ ਉਹ ਨਸ਼ਿਆਂ ਸਬੰਧੀ ਵੀ ਵੱਖ-ਵੱਖ ਭਰਮ ਅਤੇ ਖਦਸ਼ਿਆਂ ਦਾ ਨਿਵਾਰਨ ਵੀ ਕਰਨ 'ਚ ਲੱਗੇ ਹੋਏ ਹਨ। ਐੱਸ. ਟੀ. ਐੱਫ. ਵਲੋਂ ਜਨਤਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ 'ਚ ਹੁਣ ਜੋ ਨਸ਼ਾ ਆ ਰਿਹਾ ਹੈ, ਉਹ ਮਿਲਾਵਟੀ ਹੈ, ਕਿਉਂਕਿ ਅਸਲੀ ਹੈਰੋਇਨ ਦੀ ਸਪਲਾਈ ਠੱਪ ਕਰ ਦਿੱਤੀ ਗਈ ਹੈ।
ਐੱਸ. ਟੀ. ਐੱਫ. ਅਤੇ ਪੰਜਾਬ ਪੁਲਸ ਦੋਵਾਂ ਨੇ ਸੂਬਿਆਂ 'ਚ ਨਸ਼ਿਆਂ ਦੇ ਵਿਰੁੱਧ ਤੇਜ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਹਰ ਸੋਮਵਾਰ ਨਸ਼ਿਆਂ ਸਬੰਧੀ ਮੀਟਿੰਗਾਂ ਕਰ ਰਹੇ ਹਨ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਨਸ਼ਿਆਂ ਦੀ ਵਿਕਰੀ 'ਤੇ ਹਰ ਹਾਲ 'ਚ ਰੋਕ ਲੱਗਣੀ ਚਾਹੀਦੀ ਹੈ। ਇਸ ਲਈ ਪੁਲਸ ਅਤੇ ਸਿਹਤ ਵਿਭਾਗ ਅਤੇ ਹੋਰ ਸੰਬੰਧਤ ਵਿਭਾਗਾਂ ਨੂੰ ਕਿੰਨੀ ਹੀ ਸਖਤ ਕਾਰਵਾਈ ਕਿਉਂ ਨਾ ਕਰਨੀ ਪਵੇ। ਪਿਛਲੇ ਕੁਝ ਦਿਨਾਂ 'ਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਐੱਸ. ਟੀ. ਐੱਫ. ਨੇ ਸੋਸ਼ਲ ਮੀਡੀਆ 'ਤੇ ਟੀ. ਵੀ. ਰਿਕਾਰਡਿੰਗ ਪਾ ਕੇ ਜਨਤਾ ਨੂੰ ਜਾਗਰੂਕ ਕਰਨ ਦਾ ਫੈਸਲਾ ਲਿਆ ਹੈ।
ਐੱਸ. ਟੀ. ਐੱਫ. ਨੇ ਹਾਲ ਹੀ ਵਿਚ ਮੁੱਖ ਮੰਤਰੀ ਨੂੰ ਦੱਸਿਆ ਸੀ ਕਿ ਨਸ਼ਿਆਂ ਨਾਲ ਸੰਬੰਧਤ ਕੇਸਾਂ ਦੀ ਜ਼ਿਲਿਆਂ 'ਚ ਡੂੰਘਾਈ ਨਾਲ ਜਾਂਚ ਨਾ ਹੋਣ ਕਾਰਨ ਹੀ ਦੋਸ਼ੀ ਅਦਾਲਤਾਂ ਤੋਂ ਛੁੱਟ ਜਾਂਦੇ ਹਨ, ਇਸ ਲਈ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਦਰਜ ਹੋਣ ਵਾਲੇ ਕੇਸਾਂ ਦੀ ਜਾਂਚ ਉਚ ਪੁਲਸ ਅਧਿਕਾਰੀਆਂ ਨੂੰ ਆਪਣੇ ਨਿਰੀਖਣ 'ਚ ਖੁਦ ਕਰਵਾਉਣੀ ਚਾਹੀਦੀ ਹੈ। ਮੁੱਖ ਮੰਤਰੀ ਨੂੰ ਮਿਲ ਰਹੇ ਇਨਪੁਟਸ ਤੋਂ ਬਾਅਦ ਉਚ ਪੁਲਸ ਅਧਿਕਾਰੀਆਂ ਦੀ ਮੁੱਖ ਮੰਤਰੀ ਨੇ ਨਸ਼ਿਆਂ ਦੇ ਮਾਮਲੇ 'ਚ ਜਵਾਬਦੇਹੀ ਤੈਅ ਕੀਤੀ ਅਤੇ ਕਿਹਾ ਕਿ ਜਿਹੜੇ ਅਧਿਕਾਰੀਆਂ ਦੇ ਖੇਤਰਾਂ 'ਚ ਨਸ਼ਾ ਵਿਕੇਗਾ, ਉਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।
ਐੱਸ. ਟੀ. ਐੱਫ. ਨੇ ਬਿਹਤਰ ਕੰਮ ਸ਼ੁਰੂ ਕੀਤਾ : ਜਾਖੜ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਐੱਸ. ਟੀ. ਐੱਫ. ਨੇ ਸੋਸ਼ਲ ਮੀਡੀਆ 'ਤੇ ਜਾਗਰੂਕਤਾ ਸਬੰਧੀ ਇਕ ਬਿਹਤਰ ਕੰਮ ਸ਼ੁਰੂ ਕੀਤਾ ਹੈ, ਜਿਸ ਦੇ ਚੰਗੇ ਨਤੀਜੇ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ 'ਚ ਕੈਪਟਨ ਸਰਕਾਰ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੋ ਪੁਲਸ ਅਧਿਕਾਰੀ ਚੰਗਾ ਕੰਮ ਕਰਨਗੇ, ਨੂੰ ਸ਼ਾਬਾਸ਼ੀ ਦਿੱਤੀ ਜਾਵੇਗੀ ਪਰ ਜਿਨ੍ਹਾਂ ਦੀ ਕਾਰਗੁਜ਼ਾਰੀ ਠੀਕ ਨਹੀਂ ਹੋਵੇਗੀ, ਨੂੰ ਲੈ ਕੇ ਸਰਕਾਰ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕਰੇਗੀ।