ਸੂਬੇ ਦਾ ਤੀਜਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਸ ਸਟੇਸ਼ਨ ਫਾਜ਼ਿਲਕਾ ''ਚ ਖੁੱਲ੍ਹਿਆ

12/06/2017 3:46:50 AM

ਫਾਜ਼ਿਲਕਾ  (ਨਾਗਪਾਲ, ਲੀਲਾਧਰ)  - ਸੂਬੇ ਦਾ ਤੀਜਾ ਕਾਊਂਟਰ ਇੰਟੈਲੀਜੈਂਸ ਵਿੰਗ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਸ ਸਟੇਸ਼ਨ ਫਾਜ਼ਿਲਕਾ 'ਚ ਖੋਲ੍ਹਿਆ ਗਿਆ ਹੈ। ਇਹ ਪੁਲਸ ਸਟੇਸ਼ਨ ਪੁਰਾਣੀ ਮਾਰਕੀਟ ਕਮੇਟੀ ਦਫ਼ਤਰ 'ਚ ਖੋਲ੍ਹਿਆ ਗਿਆ ਹੈ। ਇਸ ਪੁਲਸ ਸਟੇਸ਼ਨ 'ਚ ਡਰੱਗ ਸਮੱਗਲਰਾਂ ਨੂੰ ਫੜਨ ਅਤੇ ਗੈਂਗਸਟਰਾਂ ਦੇ 9 ਜ਼ਿਲਿਆਂ ਦੇ ਮਾਮਲੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਦੇਖੇ ਜਾਣਗੇ। ਸੂਬੇ 'ਚ ਅੰਮ੍ਰਿਤਸਰ ਅਤੇ ਮੋਹਾਲੀ 'ਚ ਪਹਿਲਾਂ ਹੀ ਇਸ ਤਰ੍ਹਾਂ ਦੇ ਦੋ ਪੁਲਸ ਸਟੇਸ਼ਨ ਖੋਲ੍ਹੇ ਜਾ ਚੁੱਕੇ ਹਨ। ਫਾਜ਼ਿਲਕਾ 'ਚ ਪੁਲਸ ਸਟੇਸ਼ਨ ਅੱਜ ਤੋਂ 16 ਮਹੀਨੇ ਪਹਿਲਾਂ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮਗਰੋਂ ਖੋਲ੍ਹਿਆ ਗਿਆ।
ਜਾਣਕਾਰੀ ਦਿੰਦਿਆਂ ਇੰਟੈਲੀਜੈਂਸ ਵਿੰਗ ਦੇ ਏ. ਆਈ. ਜੀ. ਨਰਿੰਦਰ ਪਾਲ ਸਿੰਘ ਸਿੱਧੂ ਜੋ ਕਿ ਇਸ ਪੁਲਸ ਸਟੇਸ਼ਨ ਦੇ ਇੰਚਾਰਜ ਵੀ ਹਨ, ਨੇ ਦੱਸਿਆ ਕਿ ਇਸ ਪੁਲਸ ਸਟੇਸ਼ਨ 'ਤੇ ਸੂਬੇ ਦੇ 9 ਜ਼ਿਲਿਆਂ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ, ਦੇ ਡਰੱਗ ਸਮੱਗਲਿੰਗ ਅਤੇ ਗੈਂਗਸਟਰਾਂ ਦੇ ਕੇਸ ਦਰਜ ਹੋਣਗੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੋਂ ਤਿੰਨ ਕਿਲੋ ਹੈਰੋਇਨ ਨਾਲ ਫੜੇ ਗਏ 2 ਸਮੱਗਲਰਾਂ ਦਾ ਮਾਮਲਾ ਪਹਿਲੇ ਕੇਸ ਦੇ ਰੂਪ 'ਚ ਇਸ ਪੁਲਸ ਸਟੇਸ਼ਨ 'ਚ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਥੇ 2 ਦਰਜਨ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਦਕਿ ਇਥੇ 100 ਤੋਂ ਵੱਧ ਕਰਮਚਾਰੀਆਂ ਦੀ ਜ਼ਰੂਰਤ ਹੈ।