ਅੰਤਰਰਾਸ਼ਟਰੀ ਗ਼ਰੀਬੀ ਖ਼ਾਤਮਾ ਦਿਹਾੜੇ ਸਬੰਧੀ ਵਿਸ਼ੇਸ਼: ਖ਼ੁਦਕੁਸ਼ੀਆਂ ਵੱਲ ਵਧਦਾ 'ਭਾਰਤ'

10/17/2020 1:43:36 PM

ਗਰੀਬੀ ਇਕ ਬਹੁਪੱਖੀ ਸੰਕਲਪ ਹੈ ਜਿਸ 'ਚ ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਤੱਤ ਸ਼ਾਮਲ ਹੋ ਸਕਦੇ ਹਨ। ਗਰੀਬੀ ਉਹ ਦਸ਼ਾ ਹੈ ਜਿਸ 'ਚ ਕੋਈ ਵਿਅਕਤੀ ਆਪਣੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਾ ਕਰ ਸਕਣ ਕਾਰਨ ਸਿਹਤਮੰਦ ਅਤੇ ਉਪਜਾਊ ਜੀਵਨ ਜਿਉਣ ਤੋਂ ਅਸਮੱਰਥ ਰਹਿੰਦਾ ਹੈ। ਵਿਸ਼ਵ ਬੈਂਕ ਨੇ ਗਰੀਬੀ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਹਨ, ਜਿਸ ਅਨੁਸਾਰ ਇਕ ਨਿਸ਼ਚਿਤ ਆਮਦਨ ਤੋਂ ਘੱਟ ਵਾਲੇ ਵਿਅਕਤੀ ਨੂੰ ਗਰੀਬ ਅਤੇ ਅਤਿ-ਗਰੀਬ ਮੰਨਿਆ ਜਾਂਦਾ ਹੈ। ਇਹ ਆਮਦਨ ਦਾ ਪੱਧਰ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹੈ। ਜੇਕਰ ਸਾਲ 2016-2017 ਦਾ ਆਮਦਨ ਪੱਧਰ ਵੇਖੀਏ ਤਾਂ 20163.33 ਰੁਪਏ ਸਾਲਾਨਾ ਤੋਂ ਘੱਟ ਆਮਦਨ ਵਾਲਾ ਵਿਅਕਤੀ ਗਰੀਬੀ ਦੀ ਰੇਖਾ ਤੋਂ ਹੇਠਾਂ ਮੰਨਿਆ ਗਿਆ ਹੈ ਅਤੇ 12358. 17 ਰੁਪਏ ਸਾਲਾਨਾ ਤੋਂ ਘੱਟ ਆਮਦਨ ਵਾਲਾ ਵਿਅਕਤੀ ਅਤਿ ਗਰੀਬੀ ਦੀ ਰੇਖਾ ਤੋਂ ਹੇਠਾਂ ਮੰਨਿਆ ਗਿਆ ਹੈ। ਵਿਸ਼ਵ ਪੱਧਰ ਤੇ 17 ਅਕਤੂਬਰ ਦਾ ਦਿਨ ਅੰਤਰਰਾਸ਼ਟਰੀ ਗਰੀਬੀ ਖਾਤਮਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜੇਕਰ ਇਸ ਦਿਨ ਦਾ ਪਿਛੋਕੜ ਵੇਖੀਏ ਤਾਂ ਅੱਜ ਦੇ ਦਿਨ ਹੀ 17 ਅਕਤੂਬਰ 1987 ਨੂੰ ਪੈਰਿਸ ਫਰਾਂਸ 'ਚ ਲਗਭਗ ਲੱਖ ਵਿਅਕਤੀ ਗਰੀਬੀ, ਭੁੱਖਮਰੀ, ਹਿੰਸਾ ਅਤੇ ਡਰ ਤੋਂ ਪੀੜਤ ਵਿਅਕਤੀਆਂ ਦਾ ਸਨਮਾਨ ਕਰਨ ਲਈ ਟਰੋਕਾਡੇਰੋ ਵਿਖੇ ਇਕੱਠੇ ਹੋਏ ਸਨ ਜਿੱਥੇ ਕਿ 1948  'ਚ ਮਨੁੱਖੀ ਅਧਿਕਾਰਾਂ ਸਬੰਧੀ ਵਿਸ਼ਵਵਿਆਪੀ ਐਲਾਨਨਾਮਾ ਹੋਇਆ ਸੀ। ਇਨ੍ਹਾਂ ਨੇ ਐਲਾਨ ਕੀਤਾ ਕਿ ਗਰੀਬੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਇਸ ਦੇ ਹੱਲ ਲਈ ਇਕੱਠੇ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ। ਸੰਯੁਕਤ ਰਾਸਟਰ ਵਲੋਂ ਇਸ ਸਬੰਧੀ ਮਿਤੀ 22 ਦਸੰਬਰ 1992 ਨੂੰ ਮਤਾ ਨੰਬਰ 47/196 ਅਪਣਾਇਆ ਗਿਆ ਅਤੇ ਜਨਰਲ ਅਸੈਂਬਲੀ ਨੇ 17 ਅਕਤੂਬਰ ਦਾ ਦਿਨ ਅੰਤਰਰਾਸ਼ਟਰੀ ਗਰੀਬੀ ਖਾਤਮਾ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਮਤਾ ਨੰਬਰ 72/233 'ਚ ਜਨਰਲ ਅਸੈਂਬਲੀ ਨੇ ਗਰੀਬੀ ਦੇ ਖਾਤਮੇ ਲਈ ਸੰਯੁਕਤ ਰਾਸ਼ਟਰ ਦੇ ਤੀਜੇ ਦਹਾਕੇ 2018- 2027 ਦਾ ਐਲਾਨ ਕੀਤਾ। ਇਸ ਸਾਲ 2020 ਲਈ ਵਿਸ਼ੇਸ਼ ਤੌਰ 'ਤੇ ਥੀਮ ਸਾਰਿਆਂ ਲਈ ਸਮਾਜਿਕ ਅਤੇ ਵਾਤਾਵਰਣਿਕ ਨਿਆਂ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨਾ ਹੈ। ਦੁਨੀਆਂ ਦੀ 10 ਫੀਸਦੀ ਜਨਸੰਖਿਆ ਅਜੇ ਵੀ ਅਤਿ ਗਰੀਬੀ ਦੀ ਹਾਲਤ 'ਚ ਰਹਿੰਦੀ ਹੈ। ਭੁੱਖਮਰੀ ਅਤੇ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਸਿਹਤ, ਸਿੱਖਿਆ, ਪਾਣੀ ਅਤੇ ਸਫਾਈ ਲਈ ਵੀ ਸੰਘਰਸ਼ ਕਰ ਰਹੀ ਹੈ। ਪੁਰਸ਼ਾਂ ਦੇ ਮੁਕਾਬਲੇ ਜਨਾਨੀਆਂ ਗਰੀਬੀ ਤੋਂ ਵੱਧ ਪੀੜਤ ਹਨ ਅਤੇ 25 ਤੋਂ 34 ਸਾਲ ਦੀਆਂ ਲਗਭਗ 122 ਜਨਾਨੀਆਂ 100 ਪੁਰਸਾਂ ਦੇ ਮੁਕਾਬਲੇ ਗਰੀਬੀ ਨਾਲ ਜੂਝ ਰਹੀਆਂ ਹਨ।

ਇਕ ਅਨੁਮਾਨ ਅਨੁਸਾਰ ਸਾਲ 2015 'ਚ ਲਗਭਗ 736  ਮਿਲੀਅਨ ਵਿਅਕਤੀ  ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿ ਰਹੇ ਸਨ ਅਤੇ 2030 ਤੱਕ 160 ਮਿਲੀਅਨ ਤੋਂ ਵੱਧ ਬੱਚੇ ਅਤਿ ਗਰੀਬੀ ਵਾਲਾ ਜੀਵਨ ਜਿਉਣ ਦੇ ਖਤਰੇ ਤੋਂ ਪੀੜਤ ਹੋਣਗੇ। ਵਿਸ਼ਵ ਬੈਂਕ ਅਨੁਸਾਰ ਸਾਲ 2020 'ਚ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਗਰੀਬੀ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦੇਵੇਗੀ ਅਤੇ 88 ਤੋਂ 115 ਮਿਲੀਅਨ ਨਵੇਂ ਹੋਰ ਵਿਅਕਤੀ ਅਤਿ ਗਰੀਬੀ ਦੀ ਹਾਲਤ 'ਚ ਹੋਣਗੇ ਅਤੇ 2021 ਤੱਕ ਇਹ ਗਿਣਤੀ 150 ਮਿਲੀਅਨ ਤੱਕ ਪਹੁੰਚ ਜਾਵੇਗੀ। ਪ੍ਰਾਪਤ ਅੰਕੜਿਆਂ ਅਨੁਸਾਰ ਵਿਸ਼ਵ ਦੇ ਸਭ ਤੋਂ ਗਰੀਬ 20% ਲੋਕਾਂ ਕੋਲ ਵਿਸ਼ਵ ਦੀ ਕੁੱਲ ਆਮਦਨ ਦਾ ਸਿਰਫ 01 ਪ੍ਰਤੀਸ਼ਤ ਪਹੁੰਚ ਰਿਹਾ ਹੈ ਜਦਕਿ ਦੂਜੇ ਪਾਸੇ ਵਿਸ਼ਵ ਦੇ ਸਭ ਤੋਂ ਅਮੀਰ 20 ਫੀਸਦੀ ਲੋਕ ਵਿਸ਼ਵ ਦੀ ਕੁੱਲ ਆਮਦਨ ਦਾ 86 ਫੀਸਦੀ ਹਿੱਸਾ ਹੜੱਪ ਰਹੇ ਹਨ। ਵਿਸ਼ਵ ਦੇ ਸਭ ਤੋਂ ਅਮੀਰ 3 ਵਿਅਕਤੀਆਂ ਦੇ ਕੋਲ ਜਿੰਨੀ ਸੰਪਤੀ ਹੈ, ਉਹ ਗਰੀਬ ਦੇਸ਼ਾਂ 'ਚ ਰਹਿਣ ਵਾਲੇ ਵਿਸ਼ਵ ਦੇ 60 ਕਰੋੜ ਲੋਕਾਂ ਦੀ ਸਾਲਾਨਾ ਆਮਦਨ ਦੇ ਬਰਾਬਰ ਹੈ। ਸਾਰਾ ਪੈਸਾ ਅਤੇ ਸਾਧਨ ਇਨ੍ਹਾਂ ਲੋਕਾਂ ਦੇ ਕਬਜ਼ੇ 'ਚ ਹੀ ਹੈ, ਜਦਕਿ ਬਾਕੀ ਲੋਕ ਕਿਸੇ ਤਰ੍ਹਾਂ ਨਾਲ ਸਿਰਫ ਆਪਣੀ ਜ਼ਿੰਦਗੀ ਗੁਜ਼ਰ ਬਸਰ ਕਰ ਰਹੇ ਹਨ। ਭਾਰਤ 'ਚ ਲਗਭਗ 73 ਮਿਲੀਅਨ ਵਿਅਕਤੀ ਅਤਿ ਗਰੀਬੀ ਦੀ ਹਾਲਤ 'ਚ ਰਹਿੰਦੇ ਹਨ। ਇਕ ਅਨੁਮਾਨ ਅਨੁਸਾਰ ਦੁਨੀਆਂ ਦੇ ਗਰੀਬਾਂ ਦਾ ਤੀਜਾ ਹਿੱਸਾ ਭਾਰਤ 'ਚ ਹੀ ਰਹਿੰਦਾ ਹੈ। ਸਾਲ 2010 'ਚ ਵਿਸ਼ਵ ਬੈਂਕ ਨੇ ਦੱਸਿਆ ਹੈ ਕਿ ਭਾਰਤ 'ਚ 32.7 ਫਿਸਦੀ ਵਿਅਕਤੀ ਰੋਜ਼ਾਨਾ 1.25 ਯੂ.ਐੱਸ. ਡਾਲਰ ਦੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਤੇ 68.7 ਫਿਸਦੀ ਵਿੱਅਕਤੀ ਰੋਜ਼ਾਨਾ 2 ਯੂ.ਐੱਸ ਡਾਲਰ ਤੋਂ ਘੱਟ ਨਾਲ ਗੁਜ਼ਾਰਾ ਕਰਦੇ ਹਨ। ਭਾਰਤ 'ਚ ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਹਰ ਪੱਧਰ 'ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਕਾਰਨ ਸਰਕਾਰੀ ਸੁਵਿਧਾਵਾਂ ਦਾ ਲਾਭ ਵੀ ਹਮੇਸ਼ਾ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਹਨ ਅਤੇ ਗਰੀਬਾਂ ਦੀ ਹਾਲਤ ਅਤਿ ਖਸਤਾ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਨੇ ਮਾਨਵ ਵਿਕਾਸ ਰਿਪੋਰਟ 'ਚ ਭਾਰਤ ਨੂੰ ਦੁਨੀਆਂ ਦੇ 189 ਦੇਸ਼ਾਂ 'ਚ 130ਵੇਂ ਸਥਾਨ 'ਤੇ ਰੱਖਿਆ ਹੈ। ਤੇਜ਼ ਆਰਥਿਕ ਵਿਕਾਸ ਦਾ ਦਾਅਵਾ ਕਰਨ ਵਾਲਾ ਭਾਰਤ ਅੱਜ ਗਰੀਬੀ ਪੱਖੋਂ ਅਫਗਾਨਿਸਤਾਨ, ਬੰਗਲਾਦੇਸ਼, ਕੰਬੋਡੀਆਂ, ਕਿਰਗਿਜਿਸਤਾਨ, ਲਾਓਸ, ਪਾਕਿਸਤਾਨ, ਨੇਪਾਲ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਵੀਅਤਨਾਮ ਅਤੇ ਯਮਨ ਦੇ ਨੇੜੇ ਤੇੜੇ ਹੀ ਹੈ।

ਇਨ੍ਹਾਂ 'ਚੋਂ ਵੀ ਵੀਅਤਨਾਮ ਅਤੇ ਉਜ਼ਬੇਕਿਸਤਾਨ ਦੇਸ਼ ਮਾਨਵ ਵਿਕਾਸ ਸੂਚਕਾਂਕ ਦੇ ਕਈ ਮਾਮਲਿਆਂ 'ਚ ਭਾਰਤ ਤੋਂ ਬਿਹਤਰ ਹਨ। ਇਹੀ ਅਮੀਰ ਲੋਕ ਹੀ ਇਸ ਦੇਸ਼ ਦੇ ਨੀਤੀ ਨਿਰਮਾਤਾ ਹਨ। ਸਮਾਜ ਦੀਆਂ ਨੀਤੀਆਂ ਦੇ ਨਿਰਧਾਰਨ 'ਚ ਗਰੀਬਾਂ ਦਾ ਕੋਈ ਵੀ ਯੋਗਦਾਨ ਨਹੀਂ ਹੈ। ਗਰੀਬ ਸਿਰਫ ਅੰਕੜੇ ਬਣਾਉਣ ਜਾਂ ਬਣਨ ਦੇ ਲਈ ਹੀ ਹਨ। ਦੇਸ਼ ਦੀਆਂ ਸੜਕਾਂ ਤੇ ਨਵੀਆਂ ਨਵੀਆਂ ਦੌੜਦੀਆਂ ਲਗਜ਼ਰੀ ਕਾਰਾਂ, ਲਗਾਤਾਰ ਖੁੱਲ੍ਹਦੇ ਮਾਲ ਅਤੇ ਅਜਿਹੀਆਂ ਹੀ ਹੋਰ ਗਤੀਵਿਧੀਆਂ ਨਿਸ਼ਚਿਤ ਤੌਰ 'ਤੇ ਵਿਕਾਸ ਦੀਆਂ ਸੂਚਕ ਹਨ, ਪਰ ਇਹ ਵੀ ਸੱਚ ਹੈ ਕਿ ਦੇਸ਼ 'ਚ ਬਹੁਤੇ ਲੋਕਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੈ। ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਦੇਸ਼ ਦੇ ਕਰੋੜਾਂ ਲੋਕ ਗੁਲਾਮਾਂ ਵਰਗਾ ਜੀਵਨ ਜੀਣ ਲਈ ਮਜ਼ਬੂਰ ਹਨ। ਵਿਸ਼ਵ ਬੈਂਕ ਨੇ ਭਾਰਤ 'ਚ ਗਰੀਬੀ ਦੇ ਬਾਰੇ ਜੋ ਅੰਕੜੇ ਪੇਸ਼ ਕੀਤੇ ਹਨ ਉਹ ਵੀ ਹੈਰਾਨੀਜਨਕ ਹਨ। ਇਸ ਸੰਸਥਾ ਅਨੁਸਾਰ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੀ ਆਬਾਦੀ ਦੇ ਅਨੁਸਾਰ ਭਾਰਤ ਦੀ ਸਥਿਤੀ ਸਿਰਫ ਅਫਰੀਕਾ ਦੇ ਸਬ-ਸਹਾਰਾ ਦੇਸ਼ਾਂ ਤੋਂ ਹੀ ਬਿਹਤਰ ਹੈ। ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਅਨੁਸਾਰ 2012 'ਚ ਦੇਸ਼ ਦੀ 21.9 ਫੀਸਦੀ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਇਸ ਰਿਪੋਰਟ ਅਨੁਸਾਰ ਸਭ ਤੋਂ ਵੱਧ ਗਰੀਬੀ ਛਤੀਸਗੜ੍ਹ 'ਚ ਹੈ ਜਿਥੇ ਲਗਭਗ 40 ਫੀਸਦੀ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ ਅਤੇ ਸਭ ਤੋਂ ਘੱਟ ਗਰੀਬੀ ਅੰਡੇਮਾਨ 'ਚ ਹੈ ਜਿਥੇ ਲਗਭਗ 01 ਫੀਸਦੀ, ਲਕਸ਼ਦੀਪ 'ਚ 2.7 ਫੀਸਦੀ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ ਅਤੇ ਗੋਆ 'ਚ ਲਗਭਗ 05 ਫੀਸਦੀ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। 

ਵਿਕਸਿਤ ਸੂੱਬੇ ਪੰਜਾਬ 'ਚ ਵੀ ਲਗਭਗ 8.26 ਫੀਸਦੀ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਲਗਭਗ ਦੇਸ਼ 'ਚ ਹਾਲਾਤ ਅਜਿਹੇ ਹਨ ਕਿ ਆਮ ਆਦਮੀ ਦੀ ਸੁਣਨ ਵਾਲਾ ਕੋਈ ਨਹੀਂ ਹੈ ਸਰਕਾਰੀ ਵਿਭਾਗਾਂ 'ਚ ਲਾਲ ਫੀਤਾਸ਼ਾਹੀ ਇੰਨੀ ਹਾਵੀ ਹੈ ਕਿ ਆਮ ਆਦਮੀ ਆਪਣੇ ਛੋਟੇ-ਛੋਟੇ ਕੰਮਾਂ ਅਤੇ ਦੋ ਵਕਤ ਦੀ ਰੋਟੀ ਦੇ ਲਈ ਦਰ-ਦਰ ਭਟਕਦਾ ਰਹਿੰਦਾ ਹੈ। ਦੇਸ਼ 'ਚ ਦਿਖ ਰਿਹਾ ਕਾਗਜ਼ੀ ਵਿਕਾਸ ਕਿਸ ਦੇ ਲਈ ਹੈ ਅਤੇ ਕਿਸ ਨੂੰ ਲਾਭ ਪਹੁੰਚਾ ਰਿਹਾ ਹੈ, ਇਹ ਇਕ ਵੱਡਾ ਪ੍ਰਸ਼ਨ ਹੈ। ਦੇਸ਼ 'ਚ ਬਹੁਤੇ ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ 'ਚ ਪਰਿਵਾਰ ਦਾ ਪੇਟ ਪਾਲਣ ਲਈ ਮਹਿਲਾਵਾਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਵੇਚ ਰਹੀਆਂ ਹਨ, ਬੱਚੇ ਪੜ੍ਹਣ ਦੀ ਬਜਾਏ ਕੰਮ ਕਰ ਰਹੇ ਹਨ, ਕੁਝ ਵਿਸ਼ੇਸ ਜਾਤ ਅਤੇ ਵਰਗ ਦੇ ਲੋਕਾਂ ਤੋਂ ਬੇਗਾਰ ਕਰਵਾਈ ਜਾ ਰਹੀ ਹੈ। ਕੋਰੋਨਾ ਲਈ ਹੋਈ ਤਾਲਾਬੰਦੀ ਦੌਰਾਨ ਗਰੀਬਾਂ ਦੀਆਂ ਅਣਗਣਿਤ ਕਹਾਣੀਆਂ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਸਰਕਾਰ ਦੇ ਗਰੀਬੀ ਖਤਮ ਕਰਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਅਸਲੀਅਤ ਸਾਹਮਣੇ ਆਈ ਹੈ। ਇਕ ਪਾਸੇ ਅਸਲੀ ਗਰੀਬ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ ਦੂਜੇ ਪਾਸੇ ਕਈ ਨਕਲੀ ਗਰੀਬ ਸਰਕਾਰੀ ਭਲਾਈ ਸਕੀਮਾਂ ਦਾ ਨਜਾਇਜ਼ ਲਾਭ ਉਠਾ ਰਹੇ ਹਨ। ਭਾਰਤ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਇਸ ਲਈ ਪੰਜਾਬ ਹਰਿਆਣਾ ਸਮੇਤ  ਕੁਝ ਹੋਰ ਸੂਬਿਆਂ 'ਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਮਿਹਨਤ ਨਾਲ ਦੇਸ਼ ਅੰਨ ਭੰਡਾਰ 'ਚ ਸਵੈ ਨਿਰਭਰ ਹੋ ਸਕਿਆ ਹੈ ਪਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਵੱਡੀ ਗਿਣਤੀ 'ਚ ਕਰਜਿਆਂ ਕਾਰਨ ਹੋਈਆਂ ਆਤਮ ਹੱਤਿਆਵਾਂ ਸਾਬਤ ਕਰਦੀਆਂ ਹਨ ਕਿ ਸਰਕਾਰਾਂ ਵਲੋਂ ਇਨ੍ਹਾਂ ਵੱਲ ਵੀ ਸਹੀ ਧਿਆਨ ਨਹੀਂ ਦਿੱਤਾ ਗਿਆ ਹੈ। ਸਰਕਾਰਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਦੇਸ਼ ਦੇ ਗਰੀਬਾਂ ਪ੍ਰਤੀ ਗੰਭੀਰਤਾ ਨਾਲ ਸੋਚਣਾ ਪਵੇਗਾ ਅਤੇ ਗਰੀਬੀ ਦੂਰ ਕਰਨ ਲਈ ਬਣਾਈਆਂ ਜਾਂਦੀਆਂ ਯੋਜਨਾਵਾਂ ਜੋ ਕਿ ਅਕਸਰ ਹੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦੀਆਂ ਹਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕਰਨਾ ਪਵੇਗਾ ਤਾਂ ਹੀ ਆਉਣ ਵਾਲੇ ਸਮੇਂ 'ਚ ਗਰੀਬੀ ਘੱਟ ਸਕਦੀ ਹੈ ਅਤੇ ਇਸ ਦਿਨ 'ਤੇ ਹੋਣ ਵਾਲੇ ਸਮਾਰੋਹ ਸਾਰਥਿਕ ਸਿੱਧ ਹੋਣਗੇ ਨਹੀਂ ਤਾਂ ਇਹ ਮਹਿਜ ਇੱਕ ਖਾਨਾਪੂਰਤੀ ਹੀ ਰਹਿਣਗੇ।   

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054

Aarti dhillon

This news is Content Editor Aarti dhillon