ਸਪੀਕਰ ਕੁਲਤਾਰ ਸੰਧਵਾਂ ਨੇ ਵੱਖ-ਵੱਖ ਮੰਡੀਆਂ ਦਾ ਕੀਤਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ

10/02/2022 3:39:43 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਲਵਾ ਪੱਟੀ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ ਕਰਕੇ ਝੋਨੇ ਦੀ ਸਰਕਾਰੀ ਖਰੀਦ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਵਿਘਨ ਅਤੇ ਸਚਾਰੂ ਖਰੀਦ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ। ਮੰਡੀਆਂ ਦੇ ਦੌਰੇ ਤੋਂ ਬਾਅਦ ਸੰਧਵਾਂ ਨੇ ਖਰੀਦ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਜਿੱਥੇ ਵੀ ਕੋਈ ਊਣਤਾਈ ਦਿਸੀ ਉਸ ਨੂੰ ਹੱਲ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨ ਨੂੰ ਮੰਡੀਆਂ ਵਿਚ ਹਰ ਸਹੂਲਤ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧ ਵਿਚ ਸਰਕਾਰ ਵੱਲੋਂ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸੀਜਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀਆਂ ਵਿਚ ਝੋਨੇ ਦੀ ਆਮਦ ’ਤੇ ਨਜ਼ਰ ਰੱਖਣ ਲਈ ਉੱਡਣ ਦਸਤੇ ਬਣਾਏ ਗਏ ਹਨ ਅਤੇ ਸੀਜਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਖਰੀਦ ਤੋਂ ਬਚਾਅ ਲਈ ਅੰਤਰਰਾਜੀ ਹੱਦਾਂ ’ਤੇ ਨਾਕੇ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਕਿਸਾਨਾਂ ਨੂੰ 24 ਘੰਟੇ ਅੰਦਰ ਅਦਾਇਗੀ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ।

ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਕਰਨ ਲਈ ਵਚਨਬੱਧ ਹੈ। ਝੋਨੇ ਦੀ ਖਰੀਦ, ਲਿਫਟਿੰਗ, ਬਾਰਦਾਨੇ ਦੀ ਉਪਲੱਬਧਤਾ, ਟਰਾਂਸਪੋਰਟੇਸ਼ਨ, ਲੇਬਰ, ਬਿਜਲੀ, ਪੀਣ ਵਾਲੇ ਪਾਣੀ, ਸਾਫ ਸਫਾਈ, ਪਖਾਨਿਆਂ ਦੀ ਸਹੂਲਤ ਸਬੰਧੀ ਕੋਈ ਵੀ ਲਾਪਰਵਾਹੀ ਨਾ ਵਰਤਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ। ਸਮੂਹ ਅਨਾਜ ਮੰਡੀਆਂ ਦੀ ਨਿਗਰਾਨੀ ਉਪ ਮੰਡਲ ਮੈਜਿਸਟਰੇਟ ਕਰ ਰਹੇ ਹਨ ਅਤੇ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।

Gurminder Singh

This news is Content Editor Gurminder Singh