ਸਪਾਰਕਿੰਗ ਨਾਲ ਟਰੈਕਟਰ, ਤੂੜੀ ਵਾਲੀ ਮਸ਼ੀਨ ਅਤੇ ਨਾੜ ਸੜਿਆ

04/26/2018 12:19:40 AM

ਸਮਾਲਸਰ,   (ਸੁਰਿੰਦਰ)-  ਅੱਜ ਇਥੇ ਸ਼ਾਮ ਪੰਜ ਕੁ ਵਜੇ ਖੇਤਾਂ 'ਚ ਤੂੜੀ ਬਣਾ ਰਹੇ ਕਿਸਾਨ ਦਾ ਟਰੈਕਟਰ ਅਤੇ ਤੂੜੀ ਰੀਪਰ ਦਾ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਟਕਰਾਉਣ ਨਾਲ ਟਰੈਕਟਰ, ਤੂੜੀ ਬਣਾਉਣ ਵਾਲੀ ਮਸ਼ੀਨ ਅਤੇ ਪੰਜ ਕਿੱਲੇ ਨਾੜ ਸੜ ਗਿਆ। ਸਮਾਲਸਰ ਅਤੇ ਲੰਡੇ ਪਿੰਡ ਦੇ ਲੋਕਾਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ।   ਕਿਸਾਨਾਂ ਤੋਂ ਲਈ ਜਾਣਕਾਰੀ ਅਨੁਸਾਰ ਸਮਾਲਸਰ ਤੋਂ ਲੰਡੇ ਪਿੰਡ ਵੱਲ ਪੈਂਦੀਆਂ ਟੇਲਾਂ 'ਤੇ ਸਮਾਲਸਰ ਦਾ ਕਿਸਾਨ ਸ਼ਿੰਗਾਰਾ ਸਿੰਘ ਪੁੱਤਰ ਜੰਗ ਸਿੰਘ ਵਾਸੀ ਸਮਾਲਸਰ ਆਪਣੇ ਨਿਊ ਹਾਲੈਂਡ ਟਰੈਕਟਰ ਨਾਲ ਲੰਡੇ ਪਿੰਡ ਦੇ ਕਿਸਾਨ ਵਰਿੰਦਰ ਸਿੰਘ ਤੋਂ ਠੇਕੇ 'ਤੇ ਲਈ ਜ਼ਮੀਨ 'ਚ ਤੂੜੀ ਬਣਾ ਰਿਹਾ ਸੀ ਤਾਂ ਖੇਤਾਂ 'ਚੋਂ ਲੰਘਦੀਆਂ ਬਿਜਲੀਆਂ ਦੀਆਂ ਨੀਵੀਆਂ ਤਾਰਾਂ ਨਾਲ ਟਰਕਰਾਉਣ ਕਾਰਨ ਸਪਾਰਕਿੰਗ ਪੈਦਾ ਹੋ ਗਈ। ਮੌਕੇ 'ਤੇ ਹੀ ਚਿੰਗਾੜੀ ਅੱਗ ਦਾ ਰੂਪ ਧਾਰਨ ਕਰ ਗਈ ਅਤੇ ਮਿੰਟਾਂ 'ਚ ਹੀ ਅੱਗ ਨੇ ਟਰੈਕਟਰ, ਤੂੜੀ ਬਣਾਉਣ ਵਾਲੀ ਮਸ਼ੀਨ, ਤੂੜੀ ਦੀ ਭਰੀ ਟਰਾਲੀ ਅਤੇ ਪੰਜ ਕਿੱਲੇ ਨਾੜ ਨੂੰ ਆਪਣੀ ਲਪੇਟ 'ਚ ਲੈ ਲਿਆ।
ਅੱਗ ਲੱਗਣ ਸਾਰ ਹੀ ਨੇੜਲੇ ਘਰਾਂ ਨੇ ਸੂਚਨਾ ਦੋ ਪਿੰਡਾਂ 'ਚ ਸਪੀਕਰ ਨਾਲ ਪਹੁੰਚਾਈ। ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਇਆ ਪਰ ਤਦ ਤੱਕ ਉਕਤ ਮਸ਼ੀਨਰੀ ਸੜ ਕੇ ਸਵਾਹ ਹੋ ਗਈ। ਇਸ ਸਬੰਧੀ ਹਲਕਾ ਪਟਵਾਰੀ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਬਾਹਰ ਡਿਊਟੀ 'ਤੇ ਹਨ ਅਤੇ ਕੱਲ ਮੌਕਾ ਵੇਖ ਕੇ ਰਿਪੋਰਟ ਕਰਨਗੇ। ਇਸ ਸਬੰਧੀ ਐੱਸ. ਡੀ. ਓ. ਪਾਵਰਕਾਮ ਸਬ ਡਵੀਜ਼ਨ ਸਮਾਲਸਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋ ਨਹੀਂ ਸਕੀ।
ਅਜੀਤਵਾਲ,  (ਗਰੋਵਰ, ਰੱਤੀ)-ਅੱਜ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਹੋ ਜਾਣ 'ਤੇ ਇਕ ਕਿਸਾਨ ਦਾ 3 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਕਿਸਾਨ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਉਸ ਨੇ ਢਾਈ ਏਕੜ 'ਚੋਂ ਕਣਕ ਦੀ ਫਸਲ ਦੀ ਕਟਾਈ ਤਾਂ ਕਰ ਲਈ ਸੀ ਪਰ ਨਾੜ ਅਜੇ ਖੇਤ 'ਚ ਹੀ ਪਿਆ ਸੀ। ਅੱਜ ਖੇਤ 'ਚੋਂ ਲੰਘਦੀ ਬਿਜਲੀ ਦੀ ਲਾਈਨ 'ਚੋਂ ਨਿਕਲੇ ਚਿੰਗਿਆੜਿਆਂ ਕਾਰਨ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਮੇਰਾ 3 ਏਕੜ ਨਾੜ ਅਤੇ ਇਕ ਤੂੜੀ ਦੀ ਧੜ ਸੜ ਗਈ ਤੇ ਮੇਰਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਜਦ ਇਸ ਅੱਗ ਲੱਗਣ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਲੋਕ ਵੱਡੀ ਗਿਣਤੀ 'ਚ ਅੱਗ 'ਤੇ ਕਾਬੂ ਪਾਉਣ ਲਈ ਘਟਨਾ ਸਥਾਨ 'ਤੇ ਪਹੁੰਚੇ, ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਰੀਬ ਇਕ ਘੰਟੇ ਦੀ ਜੱਦੋ-ਜਹਿਦ ਉਪਰੰਤ ਅੱਗ 'ਤੇ ਕਾਬੂ ਪਾ ਲਿਆ।