ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਲਿਆਂਦੇ ਪੈਸਿਆਂ ਦਾ ਸਰੋਤ ਵਿਜੀਲੈਂਸ ਲਈ ਬਣਿਆ ਬੁਝਾਰਤ

10/19/2022 1:57:25 PM

ਚੰਡੀਗੜ੍ਹ/ਜਲੰਧਰ (ਰਮਨਜੀਤ ਸਿੰਘ, ਧਵਨ)-ਪੰਜਾਬ ਵਿਜੀਲੈਂਸ ਬਿਊਰੋ ਦੇ ਏ. ਆਈ. ਜੀ. ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿਚ ਵਿਜੀਲੈਂਸ ਹਾਲੇ ਵੀ ਅੱਗੇ ਨਹੀਂ ਵਧੀ ਹੈ। ਵਿਜੀਲੈਂਸ ਲਈ ਇਹ ਬੁਝਾਰਤ ਬਣੀ ਹੋਈ ਹੈ ਕਿ ਸੁੰਦਰ ਸ਼ਾਮ ਅਰੋੜਾ ਤੋਂ ਮਿਲੇ 50 ਲੱਖ ਰੁਪਏ ਦਾ ਸਰੋਤ ਕੀ ਹੈ, ਕਿਉਂਕਿ ਜਿਸ ਬਿਲਡਰ ਦੀ ਗੱਡੀ 'ਚ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਦੇਣ ਲਈ ਜ਼ੀਰਕਪੁਰ ਪਹੁੰਚੇ ਸਨ, ਵਿਜੀਲੈਂਸ ਵੱਲੋਂ ਬੁਲਾਏ ਜਾਣ ਦੇ ਬਾਵਜੂਦ ਉਹ ਨਹੀਂ ਆਇਆ। ਹੁਣ ਵਿਜੀਲੈਂਸ ਬਿਊਰੋ ਨੇ ਉਕਤ ਬਿਲਡਰ ਨੂੰ ਵੀਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ।

ਇਹ ਵੀ ਪੜ੍ਹੋ: ਚਮਕੀ ਕਿਸਮਤ: ਪੈਂਚਰ ਲਾਉਣ ਵਾਲਾ ਮਾਹਿਲਪੁਰ ਦਾ ਸ਼ਖ਼ਸ ਬਣਿਆ ਕਰੋੜਪਤੀ, ਨਿਕਲੀ 3 ਕਰੋੜ ਦੀ ਲਾਟਰੀ

ਦੂਜੇ ਪਾਸੇ, ਸੁੰਦਰ ਸ਼ਾਮ ਅਰੋੜਾ ਲਗਾਤਾਰ ਇਸ ਗੱਲ 'ਤੇ ਅੜੇ ਹੋਏ ਹਨ ਕਿ 50 ਲੱਖ ਰੁਪਏ ਉਸ ਦੀ ਆਪਣੀ ਮਿਹਨਤ ਦੀ ਕਮਾਈ ਦਾ ਹਿੱਸਾ ਹਨ, ਜੋ ਉਨ੍ਹਾਂ ਨੇ ਆਪਣੇ ਨਵੇਂ ਮਕਾਨ ਦੀ ਉਸਾਰੀ ਲਈ ਰੱਖੇ ਸਨ। ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਮੰਗਲਵਾਰ ਨੂੰ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਦੀ ਮੁੜ ਤਲਾਸ਼ੀ ਲਈ ਹੈ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਕੈਸ਼ ਕਾਊਂਟਿੰਗ ਮਸ਼ੀਨ ਨੂੰ ਬਿਊਰੋ ਹੈੱਡਕੁਆਰਟਰ ਲਿਆਂਦਾ ਗਿਆ ਹੈ।

ਵਿਜੀਲੈਂਸ ਸੂਤਰਾਂ ਅਨੁਸਾਰ ਟ੍ਰਾਈਸਿਟੀ ਦੇ ਵੱਡੇ ਬਿਲਡਰ ਨੂੰ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫ਼ਤਾਰੀ ਸਬੰਧੀ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਬੁਲਾਇਆ ਗਿਆ ਸੀ। ਇਹ ਬੁਲਾਵਾ ਜ਼ੁਬਾਨੀ ਤੌਰ ’ਤੇ ਸੀ ਪਰ ਉਕਤ ਰੀਅਲ ਅਸਟੇਟ ਕਾਰੋਬਾਰੀ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਨਹੀਂ ਪਹੁੰਚਿਆ। ਸੂਤਰਾਂ ਦਾ ਕਹਿਣਾ ਹੈ ਕਿ ਅੱਜ ਉਕਤ ਰੀਅਲ ਅਸਟੇਟ ਕਾਰੋਬਾਰੀ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਵੀਰਵਾਰ ਨੂੰ ਵਿਜੀਲੈਂਸ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਮਹਿਤਪੁਰ ਵਿਖੇ ਪਤਨੀ, 2 ਬੱਚੇ ਤੇ ਸੱਸ-ਸਹੁਰੇ ਨੂੰ ਜਿਊਂਦਾ ਸਾੜਨ ਵਾਲੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri