ਸੋਨੀਆ ਕਾਂਗਰਸ 'ਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਂਦੀ ਰਹੇਗੀ

11/22/2017 9:56:04 AM


ਜਲੰਧਰ (ਧਵਨ) - ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ 'ਤੇ ਰਾਹੁਲ ਗਾਂਧੀ ਦੀ ਤਾਜਪੋਸ਼ੀ ਤੋਂ ਬਾਅਦ ਵੀ ਸੋਨੀਆ ਗਾਂਧੀ ਪਾਰਟੀ 'ਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਂਦੀ ਰਹੇਗੀ। ਸੋਨੀਆ ਗਾਂਧੀ ਨੇ ਪਾਰਟੀ 'ਚ 19 ਸਾਲਾਂ ਤੱਕ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣ ਦਾ ਰਿਕਾਰਡ ਬਣਾਇਆ ਹੈ। ਸੋਨੀਆ ਗਾਂਧੀ 9 ਦਸੰਬਰ ਨੂੰ 71 ਸਾਲ ਦੀ ਹੋ ਜਾਵੇਗੀ, ਉਹ ਹੁਣ ਪਾਰਟੀ ਲਈ ਇਕ ਨਵੇਂ ਰੂਪ 'ਚ ਸਾਹਮਣੇ ਆ ਸਕਦੀ ਹੈ। ਪ੍ਰਧਾਨ ਦਾ ਅਹੁਦਾ ਛੱਡਣ ਦਾ ਇਹ ਅਰਥ ਨਹੀਂ ਹੈ ਕਿ ਕਾਂਗਰਸ ਦੀ ਸਿਆਸਤ 'ਚ ਸੋਨੀਆ ਗਾਂਧੀ ਬਿਲਕੁਲ ਗੈਰ-ਸਰਗਰਮ ਹੋ ਜਾਵੇਗੀ। ਉਹ ਪਾਰਟੀ ਦਾ ਲਗਾਤਾਰ ਮਾਰਗ ਦਰਸ਼ਨ ਕਰਦੀ ਰਹੇਗੀ। ਸੋਨੀਆ 'ਚ ਇਹ ਸਮਰੱਥਾ ਹੈ ਕਿ ਉਹ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਉਣ 'ਚ ਹਮੇਸ਼ਾ ਕਾਮਯਾਬ ਰਹੀ ਹੈ। ਕਾਂਗਰਸ 'ਚ ਸੋਨੀਆ ਮੁੱਖ ਸਰਪ੍ਰਸਤ ਦੀ ਭੂਮਿਕਾ ਜਾਂ ਕਾਂਗਰਸ ਸੰਸਦੀ ਪਾਰਟੀ ਦੀ ਨੇਤਾ ਦੇ ਅਹੁਦੇ ਦੀ ਭੂਮਿਕਾ ਸਵੀਕਾਰ ਕਰ ਸਕਦੀ ਹੈ।
ਰਾਹੁਲ ਗਾਂਧੀ ਦੇ ਅੱਗੇ ਆਉਣ ਨਾਲ ਪਾਰਟੀ 'ਚ ਸੱਤਾ ਦੇ ਦੋ ਕੇਂਦਰ ਨਹੀਂ ਬਣਨਗੇ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਪਰਪੱਕ ਅਤੇ ਨੌਜਵਾਨ ਲੀਡਰਸ਼ਿਪ ਦੇ ਅੱਗੇ ਆਉਣ ਨਾਲ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ 'ਚ ਮਦਦ ਮਿਲੇਗੀ। ਕਾਂਗਰਸੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਰਾਜੀਵ ਗਾਂਧੀ ਨੇ ਵੀ 1980 ਤੋਂ 1984 ਤੱਕ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਕਾਂਗਰਸ 'ਚ 4 ਸਾਲਾਂ ਤੱਕ ਕੌਮੀ ਜਨਰਲ ਸਕੱਤਰ ਦੇ ਅਹੁਦੇ 'ਤੇ ਕੰਮ ਕੀਤਾ ਸੀ। ਪਿਛਲੇ 2 ਸਾਲਾਂ 'ਚ ਰਾਹੁਲ ਗਾਂਧੀ ਦੇ ਆਲੇ-ਦੁਆਲੇ ਪਾਰਟੀ ਦੀਆਂ ਸਰਗਰਮੀਆਂ ਘੁੰਮਦੀਆਂ ਰਹੀਆਂ ਹਨ। ਸੂਬਿਆਂ 'ਚ ਸਭ ਨਿਯੁਕਤੀਆਂ ਰਾਹੁਲ ਦੀ ਸਹਿਮਤੀ ਮੁਤਾਬਕ ਹੋ ਰਹੀਆਂ ਹਨ। ਸੋਨੀਆ ਨੇ ਇਕ ਤਰ੍ਹਾਂ ਨਾਲ ਪਾਰਟੀ ਦੀ ਕਮਾਨ ਰਾਹੁਲ ਨੂੰ ਗੈਰ-ਰਸਮੀ ਤੌਰ 'ਤੇ ਪਹਿਲਾਂ ਹੀ ਸੌਂਪ ਦਿੱਤੀ ਸੀ।