Selfie ਲੈਣ ਦਾ ''ਜਨੂੰਨ'' ਇਸ ਬੱਚੇ ਲਈ ਬਣਿਆ ਖਤਰਨਾਕ (ਵੀਡੀਓ)

04/30/2016 5:07:44 PM

ਪਠਾਨਕੋਟ, (ਸ਼ਾਰਦਾ) : ਅੱਜਕੱਲ ਸੈਲਫੀ ਦਾ ਦੌਰ ਹੈ, ਹਰ ਉਮਰ ਦੇ ਲੋਕਾਂ ਖਾਸ ਕਰ ਕੇ ਨੌਜਵਾਨ ਪੀੜ੍ਹੀ ਵਿਚ ਸੈਲਫੀ ਲੈਣ ਦਾ ਰੁਝਾਨ ਕਾਫੀ ਵਧਦਾ ਜਾ ਰਿਹਾ ਹੈ ਪਰ ਇਹ ਰੁਝਾਨ ਕਈ ਵਾਰ ਬੇਹੱਦ ਖਤਰਨਾਕ ਸਾਬਿਤ ਹੁੰਦਾ ਹੈ। ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਬੀਤੀ ਰਾਤ ਪਠਾਨਕੋਟ ਦੇ ਇਕ ਮੁਹੱਲੇ ਵਿਚ ਵਾਪਰੀ। 
ਜਾਣਕਾਰੀ ਮੁਤਾਬਕ 10ਵੀਂ ਕਲਾਸ ਵਿਚ ਪੜ੍ਹਦਾ ਇਕ ਲੜਕਾ ਬੀਤੀ ਰਾਤ ਘਰ ਵਿਚ ਇਕੱਲਾ ਸੀ ਜਦੋਂ ਕਿ ਉਸਦੇ ਪਰਿਵਾਰ ਵਾਲੇ ਕਿਸੇ ਕੰਮ ਕਾਰਣ ਬਾਹਰ ਗਏ ਹੋਏ ਸਨ। ਪਿੱਛੋਂ ਉਸਨੇ ਆਪਣੇ ਪਿਤਾ ਦੀ ਲਾਇਸੰਸੀ 32 ਬੋਰ ਦੀ ਪਿਸਟਲ ਕੱਢ ਲਈ ਅਤੇ ਸੈਲਫੀ ਲੈਣ ਲੱਗ ਪਿਆ। ਫਿਰ ਜਨੂੰਨੀ ਹੋ ਕੇ ਉਸਨੇ ਪਿਸਟਲ ਆਪਣੀ ਪੁੜਪੜੀ ''ਤੇ ਰੱਖ ਲਈ ਪਰ ਮਾੜੇ ਕਰਮਾਂ ਨੂੰ ਪਿਸਟਲ ਦਾ ਘੋੜਾ ਦੱਬਿਆ ਗਿਆ ਅਤੇ ਗੋਲੀ ਉਸਦੇ ਸਿਰ ਵਿਚ ਜਾ ਵੱਜੀ।
ਗੋਲੀ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਲੜਕੇ ਨੂੰ ਇਕ ਨਿੱਜੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। 
ਉਧਰ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।