ਘਰ ਵਾਲੀ ਨਾਲ ਝਗੜਾ ਨਿਪਟਾਉਣ ਲਈ ਛੁੱਟੀ ਆਇਆ ਫ਼ੌਜੀ ਹੋਇਆ ਲਾਪਤਾ

05/27/2023 5:41:26 PM

ਮੁੱਲਾਂਪੁਰ ਦਾਖਾ  (ਕਾਲੀਆ) : ਪਿੰਡ ਭਨੋਹੜ  ਦਾ ਨੌਜਵਾਨ ਪੁੱਤਰ ਬਲਜਿੰਦਰ ਸਿੰਘ ਪਿਛਲੇ ਦਿਨੀਂ ਫੌਜ ’ਚੋਂ ਛੁੱਟੀ ਕੱਟਣ ਲਈ ਪਿੰਡ ਆਇਆ ਸੀ। ਬਲਜਿੰਦਰ ਸਿੰਘ ਛੁੱਟੀ ਕੱਟ ਕੇ ਮੁੜ ਜੰਮੂ ਡਿਊਟੀ ’ਤੇ ਗਿਆ ਸੀ ਪਰ ਅਜੇ ਤੱਕ ਡਿਊਟੀ ’ਤੇ ਨਹੀਂ ਪੁੱਜਾ, ਜਿਸ ਕਰਕੇ ਬੁੱਢੇ ਮਾਂ-ਬਾਪ ਪਰੇਸ਼ਾਨ ਹਨ। ਉੱਥੇ ਹੀ ਫੌਜ ਦੇ ਉੱਚ ਅਫ਼ਸਰ ਵੀ ਇਸ ਖਦਸ਼ੇ ਵਿੱਚ ਹਨ ਕਿ ਆਖ਼ਰ ਫੌਜ ਦਾ ਜਵਾਨ ਗਿਆ ਤਾਂ ਕਿੱਥੇ ਗਿਆ ? ਇਸ ਸਬੰਧੀ ਪਿਤਾ ਨਿਰਮਲ ਸਿੰਘ ਅਤੇ ਮਾਂ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਬਲਜਿੰਦਰ ਸਿੰਘ 5 ਮਈ ਨੂੰ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਮੈਂ  ਡਿਊਟੀ ’ਤੇ ਜਾ ਰਿਹਾ ਹਾਂ,  ਉਸਦੀ ਪੋਸਟਿੰਗ ਜੰਮੂ ’ਚ ਹੈ ਪਰ ਅਜੇ ਤੱਕ ਫ਼ੌਜ ਦੇ ਅਫਸਰ ਸਾਹਿਬਾਨਾਂ ਅਨੁਸਾਰ ਉਹ ਡਿਊਟੀ ’ਤੇ ਨਹੀਂ ਪਹੁੰਚਿਆ  ਹੈ। ਉਨ੍ਹਾਂ ਆਪਣੇ ਪੁੱਤਰ ਦੀ ਭਾਲ ਸ਼ੁਰੂ ਕੀਤੀ ਤੇ ਸਾਰੇ ਰਿਸ਼ਤੇਦਾਰਾਂ ਤੋਂ ਵੀ ਪੁੱਛ ਲਿਆ ਹੈ ਪਰ ਉਸ ਦੀ ਕੋਈ ਵੀ ਉੱਘ-ਸੁੱਘ ਨਹੀਂ ਮਿਲੀ। ਇਸ ਸੰਬੰਧੀ ਉਨ੍ਹਾਂ ਥਾਣੇ ’ਚ ਗੁੰਮਸ਼ੁਦਗੀ ਦੀ ਡੀ. ਡੀ. ਆਰ. ਵੀ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਕੰਮ ਤੋਂ ਛੁੱਟੀ ਹੋਣ ਕਾਰਨ ਦਿਨ ਵੇਲੇ ਸ਼ਰਾਬ ਪੀਣ ਚਲੇ ਗਏ ਦੋਸਤ, ਦੇਰ ਰਾਤ 2 ਨਾਲ ਵਾਪਰ ਗਿਆ ਭਾਣਾ

ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਦਾ ਵਿਆਹ ਮਿਤੀ 19 ਅਗਸਤ 2020 ਨੂੰ ਪਿੰਡ ਨਿਊਆ ਅਮਨਦੀਪ ਕੌਰ ਪੁੱਤਰੀ ਠਾਕੁਰ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਹੋਇਆ ਸੀ। ਬਲਜਿੰਦਰ ਦਾ ਆਪਣੀ ਘਰ ਵਾਲੀ ਨਾਲ ਅਕਸਰ ਝਗੜਾ ਰਹਿੰਦਾ ਸੀ। ਜਿਸ ਝਗੜੇ ਸਬੰਧੀ ਰਿਪੋਰਟ ਉਨ੍ਹਾਂ ਦੇ ਮੁੰਡੇ ਵਿਰੁੱਧ ਯੂਨਿਟ (ਆਰਮੀ) ’ਚ ਵੀ ਪਹੁੰਚੀ ਹੋਈ ਹੈ। ਫ਼ੌਜ ਦੇ ਅਫਸਰਾਂ ਨੇ ਉਸਨੂੰ ਆਪਣੀ ਪਤਨੀ ਨਾਲ ਝਗੜਾ ਨਿਬੇੜਨ ਲਈ 10 ਦਿਨ ਦੀ ਛੁੱਟੀ ਭੇਜਿਆ ਸੀ ਅਤੇ ਉਹ 12 ਅਪ੍ਰੈਲ 2023 ਨੂੰ ਛੁੱਟੀ ਆਇਆ ਸੀ।

ਬਲਜਿੰਦਰ ਸਿੰਘ 14 ਅਪ੍ਰੈਲ 2023 ਨੂੰ ਆਪਣੇ ਸਹੁਰੇ ਘਰ ਚਲਾ ਗਿਆ ਅਤੇ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੀ ਪਤਨੀ ਅਮਨਦੀਪ ਕੌਰ ਨੂੰ ਨਾਲ ਲੈ ਕੇ ਆਵੇਗਾ। ਹਾਲਾਕਿ ਉਹ ਉਸੇ ਦਿਨ ਵਾਪਸ ਸਾਡੇ ਕੋਲ ਆ ਗਿਆ ਸੀ ਅਤੇ ਸਾਨੂੰ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਨੇ ਉਸ ਨਾਲ ਹੱਥੋਪਾਈ ਕੀਤੀ, ਥੱਪੜ ਮਾਰੇ ਅਤੇ ਮਾਰ ਕੁੱਟ ਕਰਕੇ ਤੇ ਜਲੀਲ ਕਰਕੇ ਘਰੋਂ ਬਾਹਰ ਕੱਢ ਦਿੱਤਾ, ਜਿਸ ਕਰਕੇ ਉਹ ਬੜੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਉਸ ਦੀ ਗੱਲ ਸੁਣ ਕੇ ਅਸੀਂ 16 ਅਪ੍ਰੈਲ 2023 ਨੂੰ ਨਿਊਆ ਪਿੰਡ ਦੀ ਪੰਚਾਇਤ ਨਾਲ ਰਾਬਤਾ ਕਾਇਮ ਕੀਤਾ ਅਤੇ ਆਪਣੇ ਪਿੰਡ ਦੀ ਪੰਚਾਇਤ ਲੈ ਕੇ ਪਿੰਡ ਨਿਊਆ ਗਏ, ਜਿੱਥੇ ਸਾਨੂੰ ਪੰਚਾਇਤ ਜਾਂ ਕਿਸੇ ਹੋਰ ਨੇ ਕੋਈ ਲੜ ਸਿਰਾ ਨਹੀਂ  ਫੜਾਇਆ। ਉਸ ਤੋਂ ਬਾਅਦ ਸਾਡੇ ਮੁੰਡੇ ਨੇ ਲੁਧਿਆਣਾ ਮਾਣਯੋਗ ਅਦਾਲਤ ’ਚ ਆਪਣੀ ਘਰਵਾਲੀ ’ਤੇ ਮੁੜ ਵਸੇਵੇ ਦਾ ਕੇਸ ਕਰ ਦਿੱਤਾ ਅਤੇ 20 ਦਿਨ ਦੀ ਛੁੱਟੀ ਹੋਰ ਵਧਾ ਲਈ। ਉਸਨੇ 13 ਮਈ 2023 ਨੂੰ ਵਾਪਿਸ ਡਿਊਟੀ ’ਤੇ ਜਾਣਾ ਸੀ ਅਤੇ ਅਸੀਂ 13 ਮਈ 2023 ਨੂੰ ਪਿੰਡ ਭਨੋਹੜ ਦੇ ਰਾਹ ਤੋਂ ਲੁਧਿਆਣਾ ਲਈ ਆਟੋ ਚੜ੍ਹਾ ਦਿੱਤਾ ਸੀ। 

ਇਹ ਵੀ ਪੜ੍ਹੋ : ਹੁੱਕਾ ਬਾਰਾਂ ’ਤੇ ਮੁਕੰਮਲ ਪਾਬੰਦੀ, ਉਲੰਘਣਾ ਕਰਨ 'ਤੇ ਹੋ ਸਕਦੀ 3 ਸਾਲ ਦੀ ਸਜ਼ਾ

ਕਰੀਬ ਇੱਕ ਘੰਟੇ ਬਾਅਦ ਮੈਂ ਆਪਣੇ ਮੁੰਡੇ ਨੂੰ ਫੋਨ ਲਾਇਆ ਤਾਂ ਉਸਦੇ ਮੋਬਾਇਲ ਨੰਬਰ ਬੰਦ ਆ ਰਹੇ ਸਨ। ਉਸ ਤੋਂ ਬਾਅਦ ਹੁਣ ਤੱਕ ਸਾਡਾ ਮੁੰਡੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਜਿਸ ਸਬੰਧੀ ਅਸੀਂ ਉਸਦੀ ਯੂਨਿਟ ਦੇ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ, ਜਿੱਥੋਂ ਪਤਾ ਲੱਗਿਆ ਹੈ ਕਿ ਉਹ ਡਿਊਟੀ ’ਤੇ ਹਾਜ਼ਰ ਹੀ ਨਹੀਂ ਹੋਇਆ ਹੈ ਅਤੇ ਹੁਣ ਤੱਕ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲਿਆ ਆ ਰਿਹਾ ਹੈ। ਉਨ੍ਹਾਂ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਸਾਨੂੰ ਮੁੰਡੇ ਦੇ ਸਹੁਰੇ ਪਰਿਵਾਰ ’ਤੇ ਸ਼ੱਕ ਹੈ ਕਿ ਉਨ੍ਹਾਂ ਨੇ ਸਾਡੇ ਮੁੰਡੇ ਬਲਜਿੰਦਰ ਸਿੰਘ ਨੂੰ ਕਿਧਰੇ ਖੁਰਦ ਬੁਰਦ ਕਰ ਦਿੱਤਾ ਹੈ । ਥਾਣਾ ਦਾਖਾ ਦੇ ਮੁਖੀ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਜਲੰਧਰ ਨਿਗਮ ਚੋਣਾਂ ਤੋਂ ਪਹਿਲਾਂ ਚਰਚਾ 'ਚ 'ਵਾਰਡਬੰਦੀ', ਮੀਟਿੰਗ ਦੌਰਾਨ ਨਹੀਂ ਪੁੱਜੇ ‘ਆਪ’ ਵਿਧਾਇਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

Anuradha

This news is Content Editor Anuradha