ਕੈਪਟਨ ਦੀ ਲੂੰਬੜ ਚਾਲਾਂ ''ਚ ਨਹੀਂ ਆਉਣਗੇ ਪੰਜਾਬ ਦੇ ਲੋਕ : ਮਜੀਠੀਆ

12/05/2016 7:19:38 PM

ਬੋਹਾ (ਮਨਜਿੰਦਰ ਸਿੰਘ) : ਪੰਜਾਬ ਵਲੋਂ ਕਿਸਾਨਾਂ ਅਤੇ ਨਿਵੇਸ਼ਕਾਂ ਦੇ ਸਹਿਯੋਗ ਨਾਲ ਸਥਾਪਤ ਕੀਤੇ ਜਾ ਰਹੇ ਸੋਲਰ ਪਾਵਰ ਪਲਾਂਟ ਦੇਸ਼ ਭਰ ਵਿਚ ਰੋਲ ਮਾਡਲ ਬਣ ਰਹੇ ਹਨ। ਕੇਂਦਰ ਸਰਕਾਰ ਵੱਲੋਂ ਇਸ ਮਾਡਲ ਨੂੰ ਅਪਨਾਉਂਦਿਆਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪ੍ਰਾਈਵੇਟ ਨਿਵੇਸ਼ਕਾਂ ਅਤੇ ਕਿਸਾਨਾਂ ਦੀ ਭਾਈਵਾਲਤਾ ਨਾਲ ਸੋਲਰ ਪਾਵਰ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਗੈਰ-ਰਵਾਇਤੀ ਊਰਜਾ, ਮਾਲ, ਪੁਨਰਵਾਸ, ਡਿਜਾਸਟਰ ਮੈਨੇਜਮੈਂਟ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਾਨਸਾ ਜ਼ਿਲੇ ਦੇ ਹਲਕਾ ਬੁਢਲਾਡਾ ਦੇ ਪਿੰਡ ਗਾਮੀਵਾਲਾ ਅਤੇ ਹਾਕਮਵਾਲਾ ਵਿਖੇ ਪੀ.ਐਲ. ਸੂਰਯਾ ਊਰਜਾ ਲਿਮਟਿਡ ਅਤੇ ਪੀ.ਐਲ. ਸਨਸਾਈਨ ਲਿਮਟਿਡ ਵਲੋਂ 309 ਕਰੋੜ ਦੀ ਲਾਗਤ ਨਾਲ 216 ਏਕੜ ਵਿਚ ਬਣੇ 2*21 (42) ਮੈਗਾਵਾਟ ਦੀ ਸਮਰੱਥਾ ਵਾਲੇ 2 ਸੋਲਰ ਪਾਵਰ ਪਲਾਂਟਾ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਸੌਰ ਊਰਜਾ ਉਤਪਾਦਨ ਵਿਚ ਮਾਨਸਾ ਜ਼ਿਲਾ ਮੋਹਰੀ ਬਣਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ ਵਿਚ ਹੁਣ ਤੱਕ 217 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ ਵੱਖ-ਵੱਖ ਕੰਪਨੀਆਂ ਵੱਲੋਂ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ।
ਮਜੀਠੀਆ ਨੇ ਕਿਹਾ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਵਿਚ ਹੋਰਨਾਂ ਵੱਡੇ ਸੂਬਿਆਂ ਦੇ ਮੁਕਾਬਲੇ ਪੰਜਾਬ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਸੋਲਰ ਪਾਵਰ ਉਤਪਾਦਨ ਦੀ ਸਮਰੱਥਾ ਦੇ ਵਾਧੇ ਲਈ ਕੀਤੇ ਗਏ ਯਤਨਾਂ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਦੁਨੀਆਂ ਦੇ ਇਕੋ ਛੱਤ ਵਾਲੇ ਸਭ ਤੋਂ ਵੱਡੇ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਦਾ ਮਾਣ ਵੀ ਪ੍ਰਾਪਤ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਨੇ ਹੁਣ ਤੱਕ 8 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 1050 ਮੈਗਾਵਾਟ ਸਮੱਰਥਾ ਵਾਲੇ ਸੋਲਰ ਪਾਵਰ ਪਲਾਂਟ ਸਥਾਪਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱÎਸਿਆ ਕਿ ਪੰਜਾਬ ਨੇ ਸਾਲ 2022 ਤੱਕ 30 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ 4200 ਮੈਗਾਵਾਟ ਸੋਲਰ ਪਾਵਰ ਪੈਦਾ ਕਰਨ ਦਾ ਟੀਚਾ ਮਿੱÎਥਿਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ''ਤੇ ਵਰਦਿਆਂ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਾਲ 2002 ਤੋਂ 2007 ਤੱਕ ਨਾ ਤਾਂ ਸੂਬੇ ਵਿਚ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਦਮ ਚੁੱਕਿਆ ਅਤੇ ਨਾ ਹੀ ਕਿਸਾਨ ਪੱਖੀ ਕੋਈ ਯੋਜਨਾ ਬਣਾਈ ਅਤੇ ਨਾ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਨੁੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਤਰ੍ਹਾਂ-ਤਰ੍ਹਾਂ ਦੀ ਨੌਕਰੀਆਂ ਦੇਣ ਦੀ ਡਰਾਮੇਬਾਜ਼ੀ ਕਰ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਤੇ ਕਾਂਗਰਸ ਦੀਆਂ ਅਜਿਹੀਆਂ ਲੂੰਬੜ ਚਾਲਾਂ ਤੋਂ ਭਲੀ ਭਾਂਤ ਜਾਣੂ ਹਨ ਅਤੇ ਕੋਈ ਅਜਿਹੇ ਝੂਠੇ ਲਾਰੇ ਵਿਚ ਨਹੀਂ ਆਉਣ ਵਾਲੇ।

Gurminder Singh

This news is Content Editor Gurminder Singh