ਗੈਂਗਸਟਰ ਧੜੱਲੇ ਨਾਲ ਵਰਤ ਰਹੇ ਸੋਸ਼ਲ ਸਾਈਟਸ

12/11/2017 7:45:06 AM

ਜਲੰਧਰ, (ਰਵਿੰਦਰ ਸ਼ਰਮਾ)— ਹੀਰੋ ਵਾਲੀ ਨਫਰਤ ਅਤੇ ਗੁੰਡਿਆਂ ਵਾਲੀ ਹਰਕਤ ਅਕਸਰ ਅਸੀਂ ਸਮਾਂ ਆਉਣ 'ਤੇ ਦਿਖਾਉਂਦੇ ਹਾਂ ਜ਼ਿੰਦਗੀ ਜੇਕਰ ਜੰਗ ਹੈ ਤਾਂ ਆਪਣਾ ਐਟੀਚਿਊਡ ਵੀ ਦਬੰਗ ਹੈ, ਇਹ ਕਿਸੇ ਫਿਲਮ ਦੇ ਡਾਇਲਾਗ ਨਹੀਂ, ਸਗੋਂ ਗੈਂਗਸਟਰਾਂ ਦੇ ਬੋਲ ਹਨ। ਅਜਿਹੇ ਬੋਲ ਪੰਜਾਬ ਦੇ ਗੈਂਗਸਟਰ ਲਗਾਤਾਰ ਸੋਸ਼ਲ ਸਾਈਟਸ 'ਤੇ ਅਪਲੋਡ ਕਰ ਰਹੇ ਹਨ। ਸੋਸ਼ਲ ਸਾਈਟਸ 'ਤੇ ਬੇਹੱਦ ਸਰਗਰਮ ਗੈਂਗਸਟਰ ਖੁੱਲ੍ਹ ਕੇ ਇਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ ਅਤੇ ਆਪਣਾ ਸਿੱਕਾ ਜਮਾ ਰਹੇ ਹਨ ਪਰ ਪੰਜਾਬ ਪੁਲਸ  ਡੂੰਘੀ ਨੀਂਦ 'ਚ ਹੈ। ਸ਼ਰੇਆਮ ਗੈਂਗਸਟਰ ਇਕ ਦੂਜੇ ਨੂੰ ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਸ 'ਤੇ ਧਮਕੀਆਂ ਦੇ ਰਹੇ ਹਨ ਅਤੇ ਮਾਰਨ ਤਕ ਦੀ ਗੱਲ ਕਰ ਰਹੇ ਹਨ ਪਰ ਪੰਜਾਬ ਪੁਲਸ ਉਦੋਂ ਹਰਕਤ 'ਚ ਆਉਂਦੀ ਹੈ ਜਦੋਂ ਕੋਈ ਵੱਡਾ ਕਾਂਡ ਹੋ ਜਾਂਦਾ ਹੈ।
ਪੰਜਾਬ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਗੈਂਗਸਟਰ ਸੂਬੇ ਦੇ ਨੌਜਵਾਨਾਂ ਦੀ ਪਸੰਦ ਬਣਦੇ ਜਾ ਰਹੇ ਹਨ। ਪੰਜਾਬੀ ਗਾਣਿਆਂ ਅਤੇ ਫਿਲਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦਾ ਨੌਜਵਾਨ ਗੈਂਗਸਟਰਾਂ ਦੀ ਜ਼ਿੰਦਗੀ ਤੋਂ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਲਗਾਤਾਰ ਉਹ ਸੋਸ਼ਲ ਸਾਈਟਸ ਦੇ ਜ਼ਰੀਏ ਗੈਂਗਸਟਰਾਂ ਨੂੰ ਫਾਲੋ ਵੀ ਕਰ ਰਿਹਾ ਹੈ। ਨਾ ਸਿਰਫ ਫਾਲੋ ਕਰ ਰਿਹਾ ਹੈ, ਸਗੋਂ ਉਹ ਗੈਂਗਸਟਰਾਂ ਦੇ ਸਟਾਈਲ ਤੋਂ ਪ੍ਰਭਾਵਿਤ ਵੀ ਹੋ ਰਿਹਾ ਹੈ। ਨਾ ਤਾਂ ਨੌਜਵਾਨਾਂ ਦੇ ਮਾਂ-ਪਿਓ ਆਪਣੇ ਬੱਚਿਆਂ ਵੱਲ ਧਿਆਨ ਦੇ ਰਹੇ ਹਨ ਅਤੇ ਨਾ ਹੀ ਸੋਸ਼ਲ ਸਾਈਟਸ ਦੇ ਜ਼ਰੀਏ ਅਪਰਾਧ ਦਾ ਰਸਤਾ ਫੜ ਰਹੇ ਨੌਜਵਾਨਾਂ ਨੂੰ ਰੋਕਣ ਲਈ ਕਾਨੂੰਨ ਦੇ ਕਦਮ ਅੱਗੇ ਵਧ ਰਹੇ ਹਨ। ਇਹ ਆਉਣ ਵਾਲੇ ਸਮੇਂ 'ਚ ਸੂਬੇ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦਾ ਨੌਜਵਾਨ ਲਗਾਤਾਰ ਅਪਰਾਧ ਦੀ ਦੁਨੀਆ 'ਚ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਗੈਂਗਸਟਰ ਬਣ ਕੇ ਉਹ ਫਖ਼ਰ ਮਹਿਸੂਸ ਕਰ ਰਿਹਾ ਹੈ। ਪੰਜਾਬ ਦਾ ਯੂਥ ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਸ ਦੇ ਜ਼ਰੀਏ ਗੈਂਗਸਟਰਾਂ ਦੇ ਕੰਮਾਂ ਨੂੰ ਪਸੰਦ ਕਰ ਰਿਹਾ ਹੈ। ਪੰਜਾਬ 'ਚ ਸਰਗਰਮ ਗੈਂਗਸਟਰਾਂ ਦੇ ਧੜੱਲੇ ਨਾਲ ਫੇਸਬੁੱਕ 'ਤੇ ਪੇਜ ਬਣੇ ਹੋਏ ਹਨ ਅਤੇ ਇਸ 'ਤੇ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਯੂਥ ਫਾਲੋਅਰ ਹਨ। ਪੰਜਾਬ ਦੇ ਹਰ ਕੋਨੇ 'ਤੇ ਗੈਂਗਸਟਰ ਲਗਾਤਾਰ ਆਪਣੇ ਪੇਜ ਅਪਲੋਡ ਕਰ ਰਹੇ ਹਨ, ਇਨ੍ਹਾਂ 'ਤੇ ਨਜ਼ਰ ਰੱਖਣ ਵਾਲਾ ਕੋਈ ਨਹੀਂ। ਇਨ੍ਹਾਂ 'ਚੋਂ ਜ਼ਿਆਦਾਤਰ ਤਾਂ ਉਹ ਹਨ ਜੋ ਪੰਜਾਬ ਪੁਲਸ ਨੂੰ ਮੋਸਟਵਾਂਟੇਡ ਹਨ। ਇਨ੍ਹਾਂ 'ਚ ਕੁਝ ਅਜਿਹੇ ਗੈਂਗਸਟਰ ਵੀ ਹਨ ਜੋ ਮਰ ਚੁੱਕੇ ਹਨ ਪਰ ਅਜੇ ਵੀ ਉਨ੍ਹਾਂ ਦੇ ਪੇਜ ਲਗਾਤਾਰ ਅਪਲੋਡ ਹੋ ਰਹੇ ਹਨ। ਪੰਜਾਬ 'ਚ ਸਰਗਰਮ ਵਿੱਕੀ ਗੌਂਡਰ ਗੈਂਗ ਹੋਵੇ ਜਾਂ ਫਿਰ ਲਾਰੈਂਸ ਬਿਸ਼ਨੋਈ ਗੈਂਗ ਜਾਂ ਜੱਗੂ ਭਗਵਾਨਪੁਰੀਆ, ਜੈਪਾਲ ਗੈਂਗ ਹੋਵੇ ਹਰ ਕੋਈ ਧੜੱਲੇ ਨਾਲ ਆਪਣੇ ਪੇਜ 'ਤੇ ਐਂਟੀ ਗਰੁੱਪ ਨੂੰ ਗਾਲ੍ਹਾਂ ਕੱਢ ਰਹੇ ਹਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਕਈ-ਕਈ ਗੈਂਗਸਟਰਾਂ ਦੇ ਪੇਜ 'ਤੇ ਤਾਂ 20 ਤੋਂ 25 ਹਜ਼ਾਰ ਤਕ ਫਾਲੋਅਰਸ ਹਨ ਜੋ ਧੜਾਧੜ ਗੈਂਗਸਟਰਾਂ ਦੀਆਂ ਫੋਟੋਆਂ 'ਤੇ ਲਾਈਕ ਅਤੇ ਕੁਮੈਂਟਸ ਕਰ ਰਹੇ ਹਨ। ਇਹੀ ਨਹੀਂ ਗੈਂਗਸਟਰ ਖੁਦ ਵੀ ਲਗਾਤਾਰ ਆਪਣੇ ਫਾਲੋਅਰਸ ਨੂੰ ਜਵਾਬ ਵੀ ਦੇ ਰਹੇ ਹਨ ਪਰ ਇਹੀ ਗੈਂਗਸਟਰਜ਼ ਪੁਲਸ ਲਈ ਮੋਸਟ ਵਾਂਟੇਡ ਬਣੇ ਹੋਏ ਹਨ ਅਤੇ ਪੁਲਸ ਨੂੰ ਇਸ ਦੀ ਭਿਣਕ ਤਕ ਨਹੀਂ ਪੈ ਰਹੀ। ਪੰਜਾਬ ਪੁਲਸ ਦੀ ਨੱਕ 'ਚ ਦਮ ਕਰਨ ਵਾਲੇ ਦਵਿੰਦਰ ਬੰਬੀਹਾ ਸ਼ਾਰਪ ਸ਼ੂਟਰ ਦੇ ਅਜੇ ਵੀ ਸੋਸ਼ਲ ਸਾਈਟਸ 'ਤੇ ਚਾਰ ਪੇਜ ਹਨ ਅਤੇ ਲਗਾਤਾਰ ਇਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚ ਉਨ੍ਹਾਂ ਵਲੋਂ ਮਾਰੇ  ਗਏ ਲੋਕਾਂ ਅਤੇ ਪੁਲਸ ਮੁਕਾਬਲੇ ਦੀਆਂ ਅਖਬਾਰਾਂ 'ਚ ਛਪੀਆਂ ਖਬਰਾਂ ਦੀ ਕਟਿੰਗ ਤਕ ਅਪਲੋਡ ਕੀਤੀ ਗਈ ਹੈ। ਲੁਧਿਆਣਾ ਦੇ ਗੋਰੂ ਬੱਚਾ ਗੈਂਗ ਨੇ ਤਾਂ ਜੇਲ ਦੇ ਅੰਦਰ ਤਕ ਦੀ ਫੋਟੋ ਫੇਸਬੁੱਕ 'ਤੇ ਪਾਈ ਹੋਈ ਹੈ। ਇਨ੍ਹਾਂ ਫੇਸਬੁੱਕ ਪੇਜਾਂ 'ਤੇ ਗੈਂਗਸਟਰ ਸ਼ਰੇਆਮ ਹਥਿਆਰਾਂ ਦੀ ਨੁਮਾਇੰਸ਼ ਕਰਦੇ ਦਿਖਾਏ ਦੇ ਰਹੇ ਹਨ ਪਰ ਪੰਜਾਬ ਪੁਲਸ ਦਾ ਸਾਈਬਰ ਕ੍ਰਾਈਮ ਸੈੱਲ ਚੁੱਪਚਾਪ ਸਭ ਤਮਾਸ਼ਾ ਦੇਖ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇਨ੍ਹਾਂ ਦੇ ਜਾਲ ਵਿਚੋਂ ਬਚਾਉਣ 'ਚ ਨਾਕਾਮ ਸਾਬਿਤ ਹੋ ਰਿਹਾ ਹੈ।
ਗੈਂਗਸਟਰਜ਼ ਦੇ ਫੇਸਬੁੱਕ ਪੇਜ 'ਤੇ ਰੱਖੀ ਜਾ ਰਹੀ ਐ ਨਜ਼ਰ : ਡੀ. ਜੀ. ਪੀ.
ਡੀ. ਜੀ. ਪੀ. ਸੁਰੇਸ਼ ਅਰੋੜਾ ਕਹਿੰਦੇ ਹਨ ਕਿ ਪੰਜਾਬ ਪੁਲਸ ਦਾ ਸਾਈਬਰ ਸੈੱਲ ਲਗਾਤਾਰ ਸਰਗਰਮ ਹੈ। ਲਗਾਤਾਰ ਗੈਂਗਸਟਰਜ਼ ਦੇ ਫੇਸਬੁਕ ਪੇਜ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਿਛਲੇ ਕੁੱਝ ਸਮੇਂ 'ਚ ਪੁਲਸ ਨੇ ਕਈ ਗੈਂਗਸਟਰਾਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਪਹੁੰਚਾਇਆ ਅਤੇ ਪੁਲਸ ਦੀ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।