ਸਮਾਜ ਸੇਵਾ ਦੇ ਖੇਤਰ ''ਚ ਅਹਿਮ ਭੂਮਿਕਾ ਨਿਭਾ ਰਿਹੈ ਸ਼ਹੀਦ ਭਗਤ ਸਿੰਘ ਕਲੱਬ : ਵਿਜੇ ਚੋਪੜਾ

11/17/2017 8:15:21 AM

ਪਟਿਆਲਾ  (ਜੋਸਨ) - ਪਦਮਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿਚ ਸ਼ਹੀਦ ਭਗਤ ਸਿੰਘ ਕਲੱਬ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਇਥੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਸਟੇਟ ਐਵਾਰਡੀ ਸ਼ਹੀਦ ਭਗਤ ਸਿੰਘ ਕਲੱਬ ਬਾਰਨ ਨੇ ਇੱਕ ਹੋਰ ਪਹਿਲਕਦਮੀ ਕਰਦੇ ਹੋਏ ਸ਼ਹੀਦ ਪਰਿਵਾਰ ਫੰਡ ਲਈ ਪਦਮਸ਼੍ਰੀ ਵਿਜੇ ਚੋਪੜਾ ਨੂੰ 21000 ਰੁਪਏ ਦਾ ਚੈੱਕ ਭੇਟ ਕੀਤਾ ਤਾਂ ਜੋ ਉਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ ਜੋ ਦੇਸ਼ ਕੌਮ ਲਈ ਸ਼ਹੀਦੀਆਂ ਪਾ ਗਏ ਹਨ।
ਸ਼੍ਰੀ ਚੋਪੜਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕਲੱਬ ਬਾਰਨ ਵੱਲੋਂ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਮਦਦ ਲਈ ਆਪਣਾ ਅਹਿਮ ਸਹਿਯੋਗ ਪਾਇਆ ਜਾ ਰਿਹਾ ਹੈ। ਚਾਹੇ ਉਹ ਖੂਨਦਾਨ ਕੈਂਪ, ਮੈਡੀਕਲ ਕੈਂਪ, ਲੋੜਵੰਦ ਬੱਚਿਆਂ ਲਈ ਸਟੇਸ਼ਨਰੀ, ਵਰਦੀਆਂ ਤੇ ਬੂਟਾਂ ਆਦਿ ਤੋਂ ਇਲਾਵਾ ਲੋੜਵੰਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਕਿਉਂ ਨਾ ਹੋਵੇ? ਮੈਨੂੰ ਉਸ ਸਮੇਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਮੈਨੂੰ ਇਸ ਤਰ੍ਹਾਂ ਦੇ ਕਲੱਬਾਂ ਦੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨ ਦਾ ਮੌਕਾ ਮਿਲਦਾ ਹੈ। ਇਨ੍ਹਾਂ ਦੀਆਂ ਸਮਾਜ-ਸੇਵੀ ਗਤੀਵਿਧੀਆਂ ਨੂੰ ਦੇਖ ਕੇ ਹੋਰ ਨੌਜਵਾਨਾਂ 'ਚ ਵੀ ਸਮਾਜ-ਸੇਵੀ ਕੰਮਾਂ ਲਈ ਉਤਸ਼ਾਹ ਪੈਦਾ ਹੁੰਦਾ ਹੈ।
ਕਲੱਬ ਪ੍ਰਧਾਨ ਇੰਦਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਬਾਰਨ ਨੇ ਕਿਹਾ ਕਿ ਸਾਨੂੰ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਪਦਮਸ਼੍ਰੀ ਵਿਜੇ ਚੋਪੜਾ ਜੀ ਤੋਂ ਮਿਲੀ ਹੈ, ਜੋ ਸਮੇਂ-ਸਮੇਂ ਤੇ ਸਾਡੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰ ਕੇ ਸਾਡੀ ਹੌਸਲਾ-ਅਫਜ਼ਾਈ ਕਰਦੇ ਹਨ। ਉਨ੍ਹਾਂ ਦੀ ਸਾਡੇ ਕਲੱਬ ਦੇ ਕਾਰਜਾਂ ਪ੍ਰਤੀ ਕੀਤੀ ਜਾਂਦੀ ਹੌਸਲਾ-ਅਫਜ਼ਾਈ ਸਾਡੇ ਲਈ ਮਾਣ ਵਾਲੀ ਗੱਲ ਹੈ।  ਇਸ ਮੌਕੇ ਯੂਥ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਿੰਦਰ ਭਲਵਾਨ, ਹਰਵਿੰਦਰ ਚਲੈਲਾਂ, ਗੁਰਜੰਟ ਸਿੰਘ ਲਾਡੀ, ਰਾਜਵਿੰਦਰ ਸਿੰਘ ਰਾਜੂ, ਕਾਂਗਰਸੀ ਆਗੂ ਇੰਦਰਜੀਤ ਸਿੰਘ, ਮੱਖਣ ਰੌਂਗਲਾ, ਕਾਕਾ ਸਿੱਧੂਵਾਲ, ਕੁਲਵੰਤ ਸਿੰਘ ਸਰਪੰਚ ਰੌਂਗਲਾ ਤੇ ਲੱਕੀ ਹਰਦਾਸਪੁਰ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।