ਚੋਣ ਨਤੀਜਿਆਂ ਤੋਂ ਬਾਅਦ ਸੋਸ਼ਲ ਮੀਡੀਆ ''ਤੇ ''ਜਗ ਬਾਣੀ'' ਦੇ ਨਾਂ ''ਤੇ ਹੋ ਰਿਹਾ ਫਰਜ਼ੀਵਾੜਾ

03/11/2017 4:46:05 PM

ਜਲੰਧਰ : ਵਿਧਾਨ ਸਭਾ ਚੋਣਾਂ ਵਿਚ ਜਿੱਥੇ ਕਾਂਗਰਸ ਨੂੰ ਪੰਜਾਬ ਵਿਚ ਵੱਡੀ ਜਿੱਤ ਮਿਲੀ ਹੀ ਹੈ, ਉਥੇ ਹੀ ਜਿੱਤ ਦੀ ਤਿਆਰੀ ਲਈ ਕਮਰ ਕੱਸੀ ਬੈਠੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣਾਂ ਵਿਚ ਕਾਂਗਰਸ ਪਹਿਲੇ ਸਥਾਨ ''ਤੇ ਜਦਕਿ ਪਹਿਲੀ ਵਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਉਣ ਉਤਰੀ ਆਮ ਆਦਮੀ ਪਾਰਟੀ ਦੂਜੇ ਅਤੇ ਕਈ ਦਹਾਕੇ ਪੰਜਾਬ ਦੀ ਸੱਤਾ ''ਤੇ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ''ਤੇ ਰਹੀ। ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਉਥੇ ਹੀ ਸੋਸ਼ਲ ਮੀਡੀਆ ''ਤੇ ''ਜਗ ਬਾਣੀ'' ਰਾਹੀਂ ਪੋਸਟ ਕੀਤੇ ਜਾਣ ਵਾਲੇ ਬ੍ਰੇਕਿੰਗ ਨਿਊਜ਼ ਫਾਰਮੈੱਟ ਦੀ ਕਾਪੀ ਕਰਕੇ ਇਕ ਅਜਿਹਾ ਕ੍ਰਿਏਟਿਵ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿਚ ''ਜਗ ਬਾਣੀ'' ਦਾ ਨਾਂ ਲੈ ਕੇ ਕਿਹਾ ਗਿਆ ਹੈ ਕਿ ਕੈਪਟਨ ਨੇ ਕਾਂਗਰਸ ਨੂੰ ਜਿਤਾਉਣ ਲਈ ਚੋਣ ਕਮਿਸ਼ਨਰ ਦੇ ਅਫਸਰਾਂ ਨੂੰ 100 ਕਰੋੜ ਰੁਪਏ ਦਿੱਤੇ ਹਨ।
''ਜਗ ਬਾਣੀ'' ਆਪਣੇ ਪਾਠਕਾਂ ਨੂੰ ਸੂਚਿਤ ਕਰਦਾ ਹੈ ਕਿ ''ਜਗ ਬਾਣੀ'' ਅਦਾਰੇ ਦਾ ਇਸ ਫਰਜ਼ੀ ਫਾਰਮੈੱਟ ਨਾਲ ਕੋਈ ਸੰਬੰਧ ਨਹੀਂ ਹੈ। ਸਾਡੇ ਲਈ ਇਸ ਪੂਰੇ ਮਾਮਲੇ ''ਤੇ ਸਥਿਤੀ ਸਾਫ ਕਰਨਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਸਾਡੇ ਪਾਠਕ ਅਜਿਹੀਆਂ ਧੋਖੇਬਾਜ਼ੀਆਂ ਤੋਂ ਸੁਚੇਤ ਰਹਿ ਸਕਣ ਜੇਕਰ ਤੁਸੀਂ ਜਗ ਬਾਣੀ ਸਹੀ ਅਤੇ ਪ੍ਰਮਾਣਕ ਖ਼ਬਰ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਮੋਬਾਈਲ ਐਪਲੀਕੇਸ਼ਨ, ਫੇਸਬੁੱਕ ਪੇਜ ਜਾਂ ਵੈੱਬਸਾਈਟ ''ਤੇ ਦੇਖਣ ਤੋਂ ਬਾਅਦ ਹੀ ਆਪਣੀ ਰਾਏ ਬਣਾਓ।

Gurminder Singh

This news is Content Editor Gurminder Singh