ਸੋਸ਼ਲ ਮੀਡੀਆ ’ਤੇ ਵਾਇਰਲ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਨੇ ਹਾਸਲ ਕੀਤਾ ਭਾਰੀ ਸਮਰਥਨ

01/30/2021 6:09:57 PM

ਜਲਾਲਾਬਾਦ (ਮਿੱਕੀ): 26 ਜਨਵਰੀ ਦੀ ਰਿੰਗ ਰੋਡ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਉਪਰੰਤ ਦਿੱਲੀ ਦੇ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਸਮੇਤ ਵੱਖ-ਵੱਖ ਥਾਵਾਂ ’ਤੇ ਪੁਲਸ ਬਲ ਦੀ ਸੰਖਿਆਂ ਵਧਣ ਉਪਰੰਤ ਪੈਦਾ ਹੋਏ ਤਣਾਅਪੂਰਵਕ ਮਾਹੌਲ ਦੌਰਾਨ ਬੀਤੀ ਰਾਤ ਗਾਜ਼ੀਪੁਰ ਬਾਰਡਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਕੇਸ਼ ਟਿਕੈਤ ਦੀ ਗ੍ਰਿਫਤਾਰੀ ਨੂੰ ਲੈ ਕੇ ਹੋਏ ਘਟਨਾਕ੍ਰਮ ਦੌਰਾਨ ਕੌਮੀ ਕਿਸਾਨ ਆਗੂ ਰਕੇਸ਼ ਟਿਕੈਤ ਵੱਲੋਂ ਕੀਤੀ ਗਈ ਭਾਵੁਕ ਅਪੀਲ ਦਾ ਅਸਰ ਕੁੱਝ ਪਲਾਂ ’ਚ ਹੀ ਵੇਖਣ ਨੂੰ ਮਿਲਿਆ। ਜਿਸ ਦੇ ਚੱਲਦਿਆਂ ਜਿਥੇ ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਦੇ ਘਰ ਵਾਪਸ ਜਾਣ ਦੀਆਂ ਅਫਵਾਹਾਂ ਆ ਰਹੀਆਂ ਸਨ, ਉਥੇ ਹੀ ਕੌਮੀ ਕਿਸਾਨ ਆਗੂ ਰਕੇਸ਼ ਟਿਕੈਤ ਦੇ ਹੰਝੂ ਵਹਾਉਂਦੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ, ਵਟਸਐਪ ਆਦਿ ਸੋਸ਼ਲ ਸਾਇਟਸ ’ਤੇ ਉਨ੍ਹਾਂ ਦੇ ਹੱਕਾਂ ’ਚ ਚੱਲੀ ਹਨੇਰੀ ਨੇ ਕਿਸਾਨਾਂ ਨੂੰ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਰਾਤੋਂ-ਰਾਤ ਹੀ ਗਾਜ਼ੀਪੁਰ ਦੇ ਬਾਰਡਰ ਵੱਲ ਨੂੰ ਜਾਣ ਲਈ ਮਜਬੂਰ ਕਰ ਦਿੱਤਾ।

ਇਹ ਵੀ ਪੜ੍ਹੋ ਵੱਡੀ ਖ਼ਬਰ: ਦਿੱਲੀ ਪਰੇਡ ’ਚ ਗਏ ਮੋਗਾ ਜ਼ਿਲ੍ਹੇ ਦੇ 12 ਨੌਜਵਾਨ ਲਾਪਤਾ

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਨੈੱਟਵਰਕ ਫੇਸਬੁੱਕ ’ਤੇ ਚੱਲੀ ਹਨੇਰੀ ਦਾ ਪਤਾ ਇਸ ਤੱਥ ਤੋਂ ਲੱਗਦਾ ਹੈ ਕਿ ਦੇਰ ਰਾਤ ਸ਼ੁਰੂ ਹੋਏ ਇਸ ਹੈਸ਼ਟੈਗ ਨੂੰ ਸਾਂਝਾ ਕਰਨ ਵਾਲਿਆਂ ਦੀ ਗਿਣਤੀ ਅੱਜ ਦਿਨ ਤੱਕ 2 ਲੱਖ 21 ਹਜ਼ਾਰ ਨੂੰ ਪਾਰ ਕਰ ਗਈ ਅਤੇ ਬੀਤੀ ਰਾਤ ਹੀ ਉਕਤ ਭਾਵੁਕ ਅਪੀਲ ਵਾਲੀ ਵਾਇਰਲ ਵੀਡੀਓ ਦਾ ਅਸਰ ਇਸ ਕਦਰ ਹੋਇਆ ਕਿ ਮੀਡੀਆ ਰਿਪੋਰਟਾਂ ਮੁਤਾਬਕ ਉਤਰ ਪ੍ਰਦੇਸ਼, ਹਰਿਆਣਾ ਸਮੇਤ ਵੱਖ-ਵੱਖ ਇਲਾਕਿਆਂ ਤੋਂ ਲੋਕ ਰਾਤ ਸਮੇਂ ਹੀ ਗਾਜ਼ੀਪੁਰ ਵਿਖੇ ਇਕੱਠੇ ਹੋਣ ਲੱਗ ਪਏ ਅਤੇ ਲੋਕਾਂ ਦੇ ਇਸ ਇਕੱਠ ਦੇ ਚੱਲਦਿਆਂ ਕੌਮੀ ਕਿਸਾਨ ਆਗੂ ਰਕੇਸ਼ ਟਿਕੈਤ ਨੂੰ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਵਿਚੇ ਹੀ ਰਹਿ ਗਈ। ਉਕਤ ਆਗੂ ਨੇ ਵੀ ਸਟੇਜ ’ਤੇ ਖਡ਼ ਕੇ ਕਿਸਾਨੀ ਦੇ ਹੱਕ ’ਚ ਨਾਅਰਾ ਮਾਰਦਿਆਂ ਆਖਰੀ ਸਾਹ ਤੱਕ ਡਟੇ ਰਹਿਣ ਦੀ ਹੁੰਕਾਰ ਭਰੀ। ਦੱਸਣਯੋਗ ਹੈ ਕਿ ਜਿਥੇ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦਾ ਨਾਂਹਪੱਖੀ ਪ੍ਰਚਾਰ ਹੋ ਰਿਹਾ ਸੀ। ਉਥੇ ਹੀ ਕੌਮੀ ਕਿਸਾਨ ਆਗੂ ਦੀ ਇਸ ਵਾਇਰਲ ਵੀਡੀਓ ਨੇ ਸੰਜੀਵਨੀ ਬੂਟੀ ਦਾ ਕੰਮ ਕਰਦੇ ਹੋਏ ਕਿਸਾਨ ਅੰਦੋਲਨ ਨੂੰ ਇਕ ਨਵੀਂ ਦਿਸ਼ਾ ਦੇਣ ਵਾਲਾ ਕੰਮ ਕੀਤਾ ਹੈ। ਜਿਸ ਉਪਰੰਤ ਕਿਸਾਨ ਅੰਦੋਲਨ ਦੇ ਪੱਖ ’ਚ ਖਡ਼ੀ ਅਵਾਮ ਦੇ ਚਿਹਰੇ ’ਤੇ ਵੀ ਮੁਡ਼ ਤੋਂ ਖੁਸ਼ੀ ਦਿਖਾਈ ਦੇਣ ਲੱਗੀ ਹੈ।

ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ

Shyna

This news is Content Editor Shyna