ਸੋਸ਼ਲ ਮੀਡੀਆ ਰਾਹੀਂ ਇਤਰਾਜ਼ਯੋਗ ਤੇ ਭੜਕਾਊ ਪੋਸਟਾਂ ਫੈਲਾਉਣ ਵਾਲਿਆਂ ''ਤੇ ਪ੍ਰਸ਼ਾਸਨ ਦੀ ਨਜ਼ਰ

08/25/2017 7:00:34 AM

ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਰੂਪਕ)-ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਨੇ ਕਿਹਾ ਕਿ ਲੋਕ ਸੋਸ਼ਲ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਫੈਲਾਈਆਂ ਜਾਣ ਵਾਲੀਆਂ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਦੇ ਹੋਏ ਜ਼ਿਲੇ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਿਚ ਪੁਲਸ ਤੇ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਟਰਨੈੱਟ ਜਾਂ ਵਟਸਐੱਪ ਗਰੁੱਪਾਂ ਵਿਚ ਆਉਣ ਵਾਲੀਆਂ ਭੜਕਾਊ ਅਤੇ ਗੁੰਮਰਾਹਕੁੰਨ ਤਸਵੀਰਾਂ ਤੇ ਮੈਸੇਜਾਂ ਨੂੰ ਅੱਗੇ ਭੇਜਣ ਤੋਂ ਮੁਕੰਮਲ ਤੌਰ 'ਤੇ ਗੁਰੇਜ਼ ਕੀਤਾ ਜਾਵੇ ਕਿਉਂਕਿ ਸੁਰੱਖਿਆ ਏਜੰਸੀਆਂ ਦੀ ਸੋਸ਼ਲ ਮੀਡੀਆ 'ਤੇ ਤਿੱਖੀ ਨਜ਼ਰ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਸੋਸ਼ਲ ਮੀਡੀਆ 'ਤੇ ਕਿਸੇ ਵੀ ਧਰਮ, ਫਿਰਕੇ, ਸਮੁਦਾਇ ਜਾਂ ਜਾਤੀ ਸਬੰਧੀ ਕੋਈ ਵੀ ਇਤਰਾਜ਼ਯੋਗ ਅਤੇ ਭੜਕਾਊ ਪੋਸਟ ਨਾ ਪਾਈ ਜਾਵੇ ਅਤੇ ਅਜਿਹੀਆਂ ਪੋਸਟਾਂ ਨੂੰ ਲਾਈਕ, ਕੁਮੈਂਟ ਅਤੇ ਸ਼ੇਅਰ ਨਾ ਕੀਤਾ ਜਾਵੇ। ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਵੀ ਜ਼ਿਲੇ ਦੇ ਲੋਕਾਂ ਨੂੰ ਅਮਨ, ਸ਼ਾਂਤੀ ਤੇ ਸਦਭਾਵਨਾ ਵਾਲਾ ਮਾਹੌਲ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਪੂਰੀ ਮੁਸਤੈਦੀ ਨਾਲ ਪੰਜਾਬ ਪੁਲਸ ਤੇ ਪੈਰਾਮਿਲਟਰੀ ਫੋਰਸ ਦੇ ਅਧਿਕਾਰੀ ਤੇ ਜਵਾਨ ਤਾਇਨਾਤ ਹਨ ਅਤੇ ਵੱਖ-ਵੱਖ ਸਬ-ਡਵੀਜ਼ਨਾਂ ਵਿਚ ਸਿਵਲ ਤੇ ਪੁਲਸ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਰਾਬਤਾ ਕਰ ਕੇ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ ਜਾ ਰਹੀ ਹੈ। ਉਧਰ, ਏ. ਡੀ. ਸੀ. ਉਪਕਾਰ ਸਿੰਘ ਨੇ ਜ਼ਿਲਾ ਸੰਗਰੂਰ ਅਧੀਨ ਆਉਂਦੇ ਸਾਰੇ ਸਕੂਲ-ਕਾਲਜ (ਸਰਕਾਰੀ ਤੇ ਗੈਰ ਸਰਕਾਰੀ) 25 ਅਗਸਤ ਨੂੰ  ਬੰਦ ਰੱਖਣ ਦੀ ਹਦਾਇਤ ਦਿੱਤੀ ਹੈ।