ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਬਠਿੰਡਾ ਦੇ ਥਰਮਲ ਪਲਾਂਟ ਦੀ ਵੀਡੀਓ, ਜਾਂਚ ''ਚ ਸਾਹਮਣੇ ਆਇਆ ਇਹ ਸੱਚ

08/23/2017 1:29:17 PM

ਪਟਿਆਲਾ (ਪਰਮੀਤ) : ਪੰਜਾਬ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਢਹਿ-ਢੇਰੀ ਹੋਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੇਸਬੁੱਕ 'ਤੇ ਪਾਈ ਗਈ ਇਸ ਵੀਡੀਓ ਵਿਚ ਥਰਮਲ ਪਲਾਂਟ ਦੀ ਇਕ ਚਿਮਨੀ ਢਹਿੰਦੀ ਵਿਖਾਈ ਦੇ ਰਹੀ ਹੈ। ਦਰਸਾਇਆ ਗਿਆ ਹੈ ਕਿ ਇਕ ਧਮਾਕੇ ਨਾਲ ਹੀ ਬਠਿੰਡਾ ਸਥਿਤ ਥਰਮਲ ਪਲਾਂਟ ਤਬਾਹ ਹੋ ਗਿਆ ਹੈ। ਇਸ ਮਾਮਲੇ 'ਤੇ ਪੁਣਛਾਣ ਕਰਨ 'ਤੇ ਸਾਹਮਣੇ ਆਇਆ ਕਿ ਇਹ ਵੀਡੀਓ ਪੂਰੀ ਤਰ੍ਹਾਂ ਫੇਕ ਭਾਵ ਜਾਅਲੀ ਹੈ। ਨਾ ਤਾਂ ਬਠਿੰਡਾ ਪਲਾਂਟ ਵਿਚ ਕੋਈ ਧਮਾਕਾ ਹੋਇਆ ਹੈ ਤੇ ਨਾ ਹੀ ਪਲਾਂਟ ਤਬਾਹ ਹੋਇਆ ਹੈ।
ਪਲਾਂਟ ਦੀ ਇਸ ਵੀਡੀਓ ਦੀ ਚਰਚਾ ਇਸ ਕਰ ਕੇ ਵੀ ਜ਼ਿਆਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਇਹ ਖਬਰਾਂ ਆ ਰਹੀਆਂ ਸਨ ਕਿ ਪੰਜਾਬ ਸਰਕਾਰ ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਮੁਕੰਮਲ ਤੌਰ 'ਤੇ ਬੰਦ ਕੀਤੇ ਜਾਣ ਦੀ ਤਜਵੀਜ਼ ਵਿਚਾਰ ਅਧੀਨ ਹੈ। ਕੇਂਦਰ ਸਰਕਾਰ ਵੱਲੋਂ 25 ਸਾਲਾਂ ਤੋਂ ਜ਼ਿਆਦਾ ਪੁਰਾਣੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਪਲਾਂਟ ਦੀ ਸੋਸ਼ਲ ਮੀਡੀਆ 'ਤੇ ਜਾਰੀ ਹੋਈ ਵੀਡੀਓ ਪੂਰੀ ਤਰ੍ਹਾਂ ਜਾਅਲੀ ਹੈ। ਜਾਣ-ਬੁੱਝ ਕੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਨਿੱਤ-ਦਿਹਾੜੇ ਜਾਅਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਨਾਲ ਮਾਹੌਲ ਖਰਾਬ ਹੋ ਰਿਹਾ ਹੈ।