ਸੱਪ ਨੇ ਡੱਸਿਆ ਮਾਸੂਮ ਨੂੰ, ਬੱਚੀ ਦਾ ਇਲਾਜ ਕਰਵਾਉਣ ਦੇ ਨਾਲ ਸੱਪ ਵੀ ਲੈ ਆਏ ਸਿਵਲ ਹਸਪਤਾਲ

04/18/2018 3:43:31 PM

ਜਲੰਧਰ— ਇਥੋਂ ਦੇ ਸਿਵਲ ਹਸਪਤਾਲ 'ਚ ਸੋਮਵਾਰ ਰਾਤ ਉਸ ਸਮੇਂ ਹਲਚਲ ਮਚ ਗਈ ਜਦੋਂ ਕੁਝ ਲੋਕ ਸੱਟ ਦੇ ਡੱਸਣ ਦੀ ਸ਼ਿਕਾਰ ਹੋਈ 5 ਸਾਲਾ ਬੱਚੀ ਨਾਲ ਸੱਪ ਨੂੰ ਵੀ ਬੋਤਲ 'ਚ ਪਾ ਕੇ ਹਸਪਤਾਲ ਲੈ ਆਏ। ਸਿਵਲ ਹਸਪਤਾਲ ਦੇ ਮੁਤਾਬਕ ਜਦੋਂ ਬੱਚੀ ਨੂੰ ਉਸ ਦੇ ਪਰਿਵਾਰ ਵਾਲੇ ਹਸਪਤਾਲ ਲੈ ਕੇ ਆਏ ਸਨ ਤਾਂ ਉਹ ਬੇਹੱਦ ਘਬਰਾਏ ਹੋਏ ਸਨ। ਡਾਕਟਰਾਂ ਨੂੰ ਉਂਝ ਬੱਚੀ 'ਚ ਜ਼ਹਿਰ ਦੇ ਲੱਛਣ ਨਹੀਂ ਮਿਲੇ ਸਨ ਪਰ ਫਿਰ ਵੀ ਉਸ ਨੂੰ ਟ੍ਰਾਮਾ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਉਸ ਨੂੰ ਛੁੱਟੀ ਦਿੱਤੀ ਗਈ। ਸਟਾਫ ਨਰਸ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 10 ਵਜੇ ਬਸਤੀ ਦਾਨਿਸ਼ਮੰਦਾ ਦੀ ਰਹਿਣ ਵਾਲੀ ਮਹਿਕ ਨੂੰ ਹਸਪਤਾਲ ਲਿਆਂਦਾ ਗਿਆ ਸੀ ਅਤੇ ਬੱਚੀ 'ਚ ਜ਼ਹਿਰ ਦਾ ਲੱਛਣ ਨਾ ਪਾਏ ਜਾਣ 'ਤੇ ਬੱਚੀ ਦੇ ਸਰੀਰ 'ਤੇ ਕੋਈ ਵੀ ਜ਼ਹਿਰ ਰੋਕੂ ਟੀਕਾ ਨਹੀਂ ਲਗਾਇਆ ਗਿਆ। ਇਸ ਘਟਨਾ ਦੇ ਇਕ ਘੰਟੇ ਬਾਅਦ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਕਾਹਨਪੁਰ ਪਿੰਡ ਤੋਂ 29 ਸਾਲ ਦੇ ਰਵੀਪਾਲ ਨੂੰ ਸੱਪ ਨੇ ਡੱਸ ਲਿਆ ਸੀ। ਉਸ 'ਚ ਵੀ ਜ਼ਹਿਰ ਦੇ ਲੱਛਣ ਨਜ਼ਰ ਨਹੀਂ ਆਏ ਸਨ ਪਰ ਜਿਸ ਸਥਾਨ 'ਤੇ ਸੱਪ ਨੇ ਡੱਸਿਆ ਸੀ, ਉਥੋਂ ਜ਼ਹਿਰ ਨਿਕਲ ਰਿਹਾ ਸੀ। ਇਸ ਲਈ ਰਵੀਪਾਲ ਨੂੰ ਪਾਲੀਵੇਲੈਂਟ ਐਂਟੀ ਵੇਨਮ ਦਾ ਇਕ ਟੀਕਾ ਲਗਾਇਆ ਗਿਆ ਸੀ। ਕੁਝ ਦੇਰ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। 
ਉਥੇ ਹੀ ਮੈਡੀਕਲ ਸੁਪਰਡੈਂਟ ਡਾ. ਕੇ. ਐੱਸ. ਬਾਵਾ ਨੇ ਦੱਸਿਆ ਕਿ ਸੱਪ ਦੇ ਡੱਸਣ 'ਤੇ ਵਿਅਕਤੀ ਦੇ ਪਰਿਵਾਰ ਵਾਲੇ ਆਪਣੇ ਨਾਲ ਸੱਪ ਨੂੰ ਨਾਲ ਲੈ ਕੇ ਨਾ ਆਉਣ। ਇਸ ਨਾਲ ਸਟਾਫ ਅਤੇ ਡਾਕਟਰਾਂ 'ਚ ਖੌਫ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਮੌਜੂਦਾ ਇੰਜੈਕਸ਼ਨ 'ਚ ਪੰਜਾਬ ਦੇ ਸਾਰੇ ਜ਼ਹਿਰੀਲੇ ਸੱਪਾਂ ਨਾਲ ਲੜਨ ਦੀ ਸਮਰਥਾ ਹੈ। ਇਸ ਲਈ ਇਸ ਨੂੰ ਪਾਲੀਵੇਲੈਂਟ ਐਂਟੀ ਵੇਨਮ ਇੰਜੈਕਸ਼ਨ ਕਿਹਾ ਜਾਂਦਾ ਹੈ। ਦੂਜੇ ਪਾਸੇ ਜਾਣਕਾਰਾਂ ਦਾ ਕਹਿਣਾ ਹੈ ਕਿ ਕਈ ਸੱਪ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਦੰਦ ਨਹੀਂ ਹੁੰਦੇ ਅਤੇ ਲੋਕ ਉਨ੍ਹਾਂ ਦੇ ਡੱਸਣ ਦੀ ਪ੍ਰਕਿਰਿਆ ਤੋਂ ਹੀ ਡਰ ਜਾਂਦੇ ਹਨ। ਇਸ ਤੋਂ ਇਲਾਵਾ ਕਈ ਸੱਪ ਡੱਸਣ ਦੇ ਬਾਅਦ ਨਿਸ਼ਾਨ ਨਹੀਂ ਛੱਡਦੇ। ਇਸ ਲਈ ਅਜਿਹੇ ਮਾਮਲਿਆਂ 'ਚ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।