ਸੱਪ ਦੇ ਡੰਗੇ ਸੈਂਕੜੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ ''ਵਹਿਮ-ਭਰਮ''

07/27/2017 3:45:56 PM


ਗੁਰਦਾਸਪੁਰ(ਹਰਮਨਪ੍ਰੀਤ)-ਗਰਮੀ ਦੇ ਮਹੀਨਿਆਂ ਤੋਂ ਇਲਾਵਾ ਬਰਸਾਤਾਂ ਦੌਰਾਨ ਤਕਰੀਬਨ ਹਰੇਕ ਸਾਲ ਜ਼ਹਿਰੀਲੇ ਸੱਪ ਸੈਂਕੜੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਡੰਗ ਕੇ ਆਪਣੀ ਦਹਿਸ਼ਤ ਫੈਲਾਉਂਦੇ ਹਨ, ਜਿਨ੍ਹਾਂ ਵਿਚੋਂ ਬਹੁ-ਗਿਣਤੀ ਲੋਕ ਸਮੇਂ ਸਿਰ ਢੁੱਕਵਾਂ ਇਲਾਜ ਨਾ ਹੋਣ ਅਤੇ ਘਬਰਾਹਟ ਕਾਰਨ ਦਮ ਤੋੜ ਜਾਂਦੇ ਹਨ। ਇਸ ਮਾਮਲੇ ਵਿਚ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਸੱਪਾਂ ਦੇ ਡੰਗੇ ਹੋਏ ਜ਼ਿਆਦਾਤਰ ਲੋਕ ਡਾਕਟਰਾਂ ਕੋਲ ਜਾਣ ਦੀ ਬਜਾਏ ਟੂਣੇ-ਟੋਟਕੇ ਅਤੇ ਵੱਖ-ਵੱਖ ਥਾਵਾਂ 'ਤੇ ਮੱਥੇ ਟੇਕਣ 'ਚ ਉਲਝਦੇ ਰਹਿੰਦੇ ਹਨ ਜਦੋਂ ਕਿ ਮਰੀਜ਼ ਨੂੰ ਤੁਰੰਤ ਡਾਕਟਰੀ ਇਲਾਜ ਦੀ ਜ਼ਰੂਰਤ ਹੁੰਦੀ ਹੈ।

ਸਿਰਫ਼ 10 ਫ਼ੀਸਦੀ ਸੱਪ ਹੀ ਹੁੰਦੇ ਹਨ ਜ਼ਹਿਰੀਲੇ
ਭਾਰਤ ਅੰਦਰ ਕਰੀਬ 250 ਕਿਸਮਾਂ ਦੇ ਸੱਪ ਹਨ। ਪਰ ਇਨ੍ਹਾਂ ਵਿਚੋਂ ਸਿਰਫ਼ 10 ਫ਼ੀਸਦੀ ਸੱਪ ਹੀ ਜ਼ਹਿਰੀਲੇ ਹੁੰਦੇ ਹਨ ਜਦੋਂ ਕਿ ਬਾਕੀ ਦੇ ਸੱਪਾਂ ਦੇ ਡੰਗਣ ਨਾਲ ਇਨਸਾਨ ਨੂੰ ਜ਼ਿਆਦਾ ਖ਼ਤਰਾ ਨਹੀਂ ਹੁੰਦਾ ਪਰ ਇਸ ਦੇ ਬਾਵਜੂਦ ਵੀ ਦੇਸ਼ 'ਚ ਤਕਰੀਬਨ ਹਰੇਕ ਸਾਲ ਹੀ 45 ਤੋਂ 50 ਹਜ਼ਾਰ ਲੋਕ ਸੱਪ ਦੇ ਜ਼ਹਿਰ ਨਾਲ ਦਮ ਤੋੜ ਜਾਂਦੇ ਹਨ। ਡਾਕਟਰਾਂ ਅਨੁਸਾਰ ਸੱਪ ਭਾਵੇਂ ਜ਼ਹਿਰੀਲਾ ਨਾ ਵੀ ਹੋਵੇ ਪਰ ਜਦੋਂ ਇਹ ਕਿਸੇ ਨੂੰ ਡੰਗ ਮਾਰਦਾ ਹੈ ਤਾਂ ਲੋਕ ਏਨਾ ਡਰ ਜਾਂਦੇ ਹਨ ਕਿ ਕਈ ਵਾਰ ਘਬਰਾਹਟ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ।

ਵਹਿਮਾਂ-ਭਰਮਾਂ ਦੀ ਬਲੀ ਚੜ੍ਹਦੇ ਹਨ ਲੋਕ
ਸਰਕਾਰ ਵੱਲੋਂ ਹਰੇਕ ਸਿਵਲ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਵਿਚ ਸੱਪਾਂ ਦੇ ਜ਼ਹਿਰ ਨੂੰ ਖ਼ਤਮ ਕਰਨ ਵਾਲੇ ਟੀਕੇ ਉਪਲਬਧ ਰੱਖਣ ਦੀਆਂ ਹਦਾਇਤਾਂ ਹਨ। ਪਰ ਪੇਂਡੂ ਖੇਤਰ ਦੇ ਕਈ ਸਿਹਤ ਕੇਂਦਰਾਂ 'ਚ ਇਹ ਦਵਾਈਆਂ ਉਪਲਬਧ ਹੀ ਨਹੀਂ ਹੁੰਦੀਆਂ, ਜਿਸ ਕਾਰਨ ਲੋਕ ਇਨ੍ਹਾਂ ਹਸਪਤਾਲਾਂ 'ਚ ਜਾਂਦੇ ਹੀ ਨਹੀਂ। ਜਿਥੇ ਕਿਤੇ ਇਹ ਦਵਾਈਆਂ ਉਪਲਬਧ ਵੀ ਹਨ, ਉੱਥੇ ਵੀ ਕਈ ਲੋਕ ਸੱਪ ਲੜਨ ਤੋਂ ਬਾਅਦ ਕਿਸੇ ਸਰਕਾਰੀ ਹਸਪਤਾਲ 'ਚ ਜਾਣ ਦੀ ਬਜਾਏ ਸਭ ਤੋਂ ਪਹਿਲਾਂ ਜਾਦੂ ਟੂਣਿਆਂ ਅਤੇ ਕਈ ਕਿਸਮ ਦੇ ਬਾਬਿਆਂ ਕੋਲ ਜੜੀਆਂ ਬੂਟੀਆਂ ਤੇ ਹੋਰ ਦਵਾਈਆਂ ਪੀਣ ਨੂੰ ਤਰਜੀਹ ਦਿੰਦੇ ਹਨ। ਲੋਕਾਂ ਦੇ ਵਹਿਮਾਂ ਸਬੰਧੀ ਸਿਤਮ ਦੀ ਗੱਲ ਇਹ ਹੈ ਕਿ ਜਿਨ੍ਹਾਂ ਇਲਾਕਿਆਂ 'ਚ ਜ਼ਿਆਦਾ ਸੱਪ ਦੇਖੇ ਜਾਣ ਲੱਗ ਪੈਣ, ਲੋਕ ਉੱਥੇ ਸੱਪਾਂ ਨੂੰ ਪੂਜਣ ਲਈ ਜਗ੍ਹਾ ਬਣਾਉਣ ਦੀ ਲੋੜ ਮਹਿਸੂਸ ਕਰਨ ਲੱਗ ਪੈਂਦੇ ਹਨ ਜਦੋਂ ਕਿ ਗਲੀਆਂ 'ਚ ਫੈਲੀ ਗੰਦਗੀ ਦੀ ਸਾਫ਼ ਸਫ਼ਾਈ ਕਰਦੇ ਸੱਪਾਂ ਦੇ ਘਰ ਨੂੰ ਖ਼ਤਮ ਕਰਨ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ ਜਾਂਦੀ। 

ਸਮੇਂ ਸਿਰ ਹਸਪਤਾਲ ਪਹੁੰਚਣ ਦੀ ਲੋੜ
ਗੁਰਦਾਸਪੁਰ ਨਾਲ ਸਬੰਧਿਤ ਮਾਹਿਰ ਡਾ. ਮਨੋਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਸੱਪ ਦੇ ਡੰਗਣ ਵਾਲੀ ਥਾਂ ਨੂੰ ਨਾ ਹੀ ਚੂਸਣ ਅਤੇ ਨਾ ਹੀ ਉੱਥੇ ਕੋਈ ਕੱਟ ਲਗਾਉਣ ਜਾਂ ਪੱਤੇ ਬੰਨ੍ਹਣ ਤੇ ਧੋਣ ਵਰਗਾ ਕੰਮ ਕਰਨ। ਉਨ੍ਹਾਂ ਕਿਹਾ ਕਿ ਬਹੁਤੇ ਮਰੀਜ਼ ਘਬਰਾ ਕੇ ਹੀ ਦਮ ਤੋੜ ਜਾਂਦੇ ਹਨ ਪਰ ਮਰੀਜ਼ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 90 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ ਹਨ। ਇਸ ਲਈ ਸੱਪ ਲੜਨ 'ਤੇ ਨਾ ਤਾਂ ਘਬਰਾਉਣਾ ਚਾਹੀਦਾ ਹੈ ਅਤੇ ਨਾ ਤਾਂ ਇਕ ਦਮ ਦੌੜਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਜ਼ਹਿਰ ਤੇਜ਼ੀ ਨਾਲ ਫੈਲਣ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਜਾਦੂ ਟੂਣਿਆਂ 'ਚ ਪੈਣ ਦੀ ਬਜਾਏ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਪਹੁੰਚਣ ਕਿਉਂਕਿ ਸੱਪ ਦੇ ਜ਼ਹਿਰ ਦਾ ਅਸਰ ਸਬੰਧਿਤ ਦਵਾਈਆਂ ਨੇ ਖਤਮ ਕਰਨਾ ਹੁੰਦਾ ਹੈ।