ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਮੁਕਤਸਰ ’ਚ ਵੀ ਪੁਲਸ ਦਾ ਸਰਚ ਆਪ੍ਰੇਸ਼ਨ

02/21/2023 5:49:30 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸੂਬੇ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਹਰਮਨਬੀਰ ਸਿੰਘ ਗਿੱਲ ਆਈ. ਪੀ .ਐੱਸ. ਐੱਸ. ਐੱਸ.ਪੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਦੇ ਸੌਦਾਗਰਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਿੱਥੇ ਰਾਤ ਦਿਨ ਨਾਕੇ ਲਗਾ ਕੇ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਅੰਦਰ ਸਰਚ ਅਭਿਆਨ ਚਲਾ ਕੇ ਨਸ਼ਾ ਵੇਚਣ ਵਾਲਿਆ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਹਰਮਬੀਰ ਸਿੰਘ ਗਿੱਲ ਆਈ. ਪੀ.ਐੱਸ ਐੱਸ.ਐੱਸ.ਪੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਸ ਵੱਲੋਂ ਜ਼ਿਲ੍ਹਾ ਅੰਦਰ ਸ਼ੱਕੀ ਖੇਤਰਾਂ ਵਿਚ ਅਚਣਚੇਤ ਸਰਚ ਅਭਿਆਨ ਕੀਤਾ ਗਿਆ। ਇਹ ਸਰਚ ਆਪ੍ਰੇਸ਼ਨ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿਚ ਗੋਨੇਆਣਾ ਰੋਡ, ਕੋਟਲੀ ਰੋਡ, ਆਦਰਸ਼ ਨਗਰ (ਬੂੜਾ ਗੁਜ਼ਰ ਰੋਡ), ਮੋੜ ਰੋਡ ਸ੍ਰੀ ਮੁਕਤਸਰ ਸਾਹਿਬ, ਸਬ ਡਵੀਜ਼ਨ ਮਲੋਟ ਕੈਂਪ ਏਰੀਆ ਮੁਹੱਲਾ, ਪਟੇਲ ਨਗਰ, ਦਾਨੇਵਾਲਾ ਚੌਕ ਨਜ਼ਦੀਕ, ਫਾਟਕ ਰੋਡ ਅਤੇ ਨਾਲ ਲੱਗਦੇ ਪਿੰਡਾਂ ਅੰਦਰ, ਸਬ-ਡਵੀਜ਼ਨ ਗਿੱਦੜਬਾਹਾ ਵਿੱਚ ਪਿੰਡ ਥੇਹੜੀ , ਮੁਹੱਲਾ ਬੈਂਟਾ ਬਾਦ ਅਤੇ ਹੁਸਨਰ ਤੇ ਨਾਲ ਲੱਗਦੇ ਪਿੰਡਾਂ ਵਿਚ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕਿ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਸਰਚ ਕੀਤਾ ਗਿਆ। 

ਇਸ ਸਰਚ ਆਪ੍ਰੇਸ਼ਨ ਵਿਚ ਕੁਲਵੰਤ ਰਾਏ ਐੱਸ.ਪੀ. (ਐੱਚ), ਜਗਦੀਸ਼ ਕੁਮਾਰ ਡੀ.ਐੱਸ.ਪੀ (ਸ.ਡ), ਬਲਕਾਰ ਸਿੰਘ ਡੀ. ਐੱਸ. ਪੀ (ਮਲੋਟ) ਅਤੇ ਜਸਬੀਰ ਸਿੰਘ ਡੀ.ਐੱਸ.ਪੀ (ਗਿੱਦੜਬਾਹਾ), ਮੁੱਖ ਅਫਸਰਾਨ ਥਾਣਾ ਸਮੇਤ ਕੁੱਲ 275 ਦੇ ਕਰੀਬ ਪੁਲਸ ਅਧਿਕਾਰੀ/ਕ੍ਰਮਚਾਰੀਆ ਨੂੰ ਤਾਇਨਾਤ ਕੀਤਾ ਗਿਆ। ਇਸ ਮੌਕੇ ਐੱਸ. ਐੱਸ. ਪੀ. ਜੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਵੇਚਣ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਸ਼ੱਕੀ ਵਿਅਕਤੀਆਂ ਦੇ ਘਰਾਂ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਅਤੇ ਏਰੀਏ ਨੂੰ ਸੀਲ ਕਰਕੇ ਵਹੀਕਲਾਂ ਦੀ ਤਲਾਸ਼ੀ ਵੀ ਕੀਤੀ ਗਈ। ਇਸ ਦੌਰਾਨ ਪੁਲਸ ਵੱਲੋਂ 366 ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅੰਦਰ 13 ਮੁਕੱਦਮੇ ਦਰਜ ਕਰਕੇ 16 ਵਿਅਕਤੀਆਂ ਨੂੰ ਗ੍ਰਿਫਤਰ ਕਰਕੇ ਉਨ੍ਹਾਂ ਪਾਸੋਂ 3121 ਨਸ਼ੀਲੀਆਂ ਗੋਲੀਆਂ, 12.500 ਕਿੱਲੋ ਗ੍ਰਾਮ ਚੂਰਾ ਪੋਸਤ, 9 ਗ੍ਰਾਮ ਹੈਰੋਇਨ,100 ਗ੍ਰਾਮ ਗਾਂਜਾ, 2,0,5000 ਰੁਪਏ ਡਰੱਗ ਮਨੀ, 03 ਭਗੋੜੇ(ਪੀ.ਓ), 08 ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ 02 ਵਹੀਕਲਾਂ ਦੇ ਕਾਗਜ਼ ਨਾ ਹੋਣ ਕਰਕੇ ਬੰਦ ਕੀਤਾ ਗਿਆ। ਐੱਸ. ਐੱਸ. ਪੀ. ਨੇ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਦੀ ਸੰਗਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਈਨ ਨੰਬਰ 80549-42100 ਤੇ ਵਟਸ ਐਪ ਰਾਹੀ ਜਾਂ ਫੋਨ ਕਾਲ ਰਾਹੀ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਅ ਜਾਵੇਗਾ।

Gurminder Singh

This news is Content Editor Gurminder Singh