ਲੁਧਿਆਣਾ ਤੋਂ ਜਲੰਧਰ ਚੂਰਾ-ਪੋਸਤ ਸਪਲਾਈ ਕਰਨ ਵਾਲਾ ਸਮੱਗਲਰ ਗ੍ਰਿਫਤਾਰ

10/11/2019 1:52:21 AM

ਜਲੰਧਰ,(ਮ੍ਰਿਦੁਲ) : ਬੱਸ ਸਟੈਂਡ ਚੌਕੀ ਦੀ ਪੁਲਸ ਨੇ 3 ਕਿਲੋ ਚੂਰਾ-ਪੋਸਤ ਦੇ ਨਾਲ ਸਮੱਗਲਰ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਉਸ ਸਮੇਂ ਫੜ ਲਿਆ, ਜਦੋਂ ਉਹ ਬੱਸ ਸਟੈਂਡ ਇਲਾਕੇ 'ਚ ਡਲਿਵਰੀ ਦੇਣ ਲਈ ਆਇਆ ਸੀ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਪੁਟ ਮਿਲੀ ਸੀ ਕਿ ਬੱਸ ਸਟੈਂਡ ਇਲਾਕੇ 'ਚ ਰਾਤ ਨੂੰ ਚੂਰਾ-ਪੋਸਤ ਦੀ ਸਪਲਾਈ ਹੁੰਦੀ ਹੈ, ਜਿਸ ਕਾਰਣ ਪੁਲਸ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਟਰੇਸ ਕਰਨ ਲਈ ਟਰੈਪ ਲਾਇਆ ਹੋਇਆ ਸੀ। ਮੁਲਜ਼ਮ ਜਦੋਂ ਸਪਲਾਈ ਦੇਣ ਲਈ ਆਇਆ ਤਾਂ ਨਾਕਾਬੰਦੀ ਦੇਖ ਕੇ ਭੱਜਣ ਲੱਗਾ ਤਾਂ ਉਸ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮੁਕੇਸ਼ ਕੁਮਾਰ ਉਰਫ ਸੋਨੂੰ ਵਾਸੀ ਕਪੂਰਥਲਾ, ਜੋ ਕਿ ਫਿਲਹਾਲ ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਰਹਿੰਦਾ ਹੈ, ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਕੋਲੋਂ 3 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਮੁਲਜ਼ਮ ਸੋਨੂੰ ਨੇ ਦੱਸਿਆ ਕਿ ਉਹ ਕਾਫ਼ੀ ਦੇਰ ਤੋਂ ਸਮੱਗਲਿੰਗ ਕਰ ਰਿਹਾ ਹੈ। ਉਹ ਲੁਧਿਆਣਾ ਤੋਂ ਚੂਰਾ-ਪੋਸਤ ਲਿਆ ਕੇ ਜਲੰਧਰ ਸਪਲਾਈ ਕਰਦਾ ਹੈ। ਪੁਲਸ ਨੇ ਮੁਲਜ਼ਮ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।