ਬਠਿੰਡੇ ''ਚ ਨਸ਼ਾ ਤਸਕਰੀ ਦੇ ਦੋਸ਼ ''ਚ ਸ਼ਰੇਆਮ ਕਤਲ ਕੀਤੇ ਨੌਜਵਾਨ ਦੇ ਮਾਮਲੇ ਨੇ ਲਿਆ ਨਵਾਂ ਮੋੜ, ਖੜ੍ਹਾ ਹੋਇਆ ਇਹ ਵਿਵਾਦ (Pics)

06/10/2017 6:56:13 PM

ਤਲਵੰਡੀ ਸਾਬੋ (ਮਨੀਸ਼ ਗਰਗ) : ਬੀਤੇ ਦਿਨੀਂ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ 'ਚ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਪਿੰਡ ਦੇ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨਾਮਕ ਨੌਜਵਾਨ ਦੀ ਲਾਸ਼ ਸ਼ਨੀਵਾਰ ਬਾਅਦ ਦੁਪਿਹਰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਦਾ ਪਰਿਵਾਰ ਲਾਸ਼ ਲੈ ਕੇ ਧਰਨਾ ਦੇਣ ਲਈ ਨਿਕਲ ਰਿਹਾ ਹੈ ਜਿਸ ਦੇ ਚੱਲਦੇ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਰੋਕ ਲਿਆ। ਸੂਤਰਾਂ ਮੁਤਾਬਕ ਸਥਿਤੀ ਤਣਾਅਪੂਰਨ ਹੋਣ ਦੇ ਚੱਲਦੇ ਪੁਲਸ ਵਲੋਂ ਵੱਡੀ ਗਿਣਤੀ 'ਚ ਫੋਰਸ ਤਾਇਨਾਤ ਕੀਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਨੇ ਹੁਣ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਲਾਸ਼ ਦਾ ਸਸਕਾਰ ਕਰਨ ਦਾ ਐਲਾਨ ਕੀਤਾ ਹੈ ਜਦਕਿ ਪੁਲਸ ਅਧਿਕਾਰੀ ਕੁਝ ਹੋਰ ਹੀ ਦੱਸ ਰਹੇ ਹਨ।


ਦੱਸਣਯੋਗ ਹੈ ਕਿ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਬੀਤੇ ਕੱਲ ਸੋਨੂੰ ਅਰੋੜਾ ਨਾਮ ਦੇ ਨੌਜਵਾਨ ਨੂੰ ਨਸ਼ਾ ਤਸਕਰ ਦੱਸਦੇ ਹੋਏ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਵੱਢ ਕੇ ਸੱਥ ਵਿਚ ਸੁੱਟ ਦਿੱਤਾ ਗਿਆ ਸੀ, ਜਿਸ ਨੂੰ ਤਲਵੰਡੀ ਸਾਬੋ ਪੁਲਸ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਸੋਨੂੰ ਅਰੋੜਾ ਨੂੰ ਬਠਿੰਡਾ ਤੋਂ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ ਪਰ ਉਕਤ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਸਸਕਾਰ ਨੂੰ ਦੇਖਦੇ ਹੋਏ ਤਲਵੰਡੀ ਸਾਬੋ ਵਿਚ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਹੈ। ਉਧਰ ਮ੍ਰਿਤਕ ਦੇ ਵਾਰਸਾਂ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਨਾ ਹੋਣ ਦੀ ਸੂਰਤ ਵਿਚ ਮ੍ਰਿਤਕ ਦਾ ਸਸਕਾਰ ਨਾ ਕਰਨ ਦੀ ਗੱਲ ਆਖੀ ਹੈ।

ਉਧਰ ਪੁਲਸ ਰਿਕਾਰਡ ਮੁਤਾਬਕ ਮ੍ਰਿਤਕ ਨੌਜਵਾਨ 'ਤੇ ਬੀਤੇ ਸਮੇਂ 'ਚ ਨਸ਼ਾ ਤਸਕਰੀ ਦੇ ਪੰਜ ਮਾਮਲੇ ਦਰਜ ਸਨ ਅਤੇ ਉਹ ਇਕ ਕੇਸ ਵਿਚ ਅਜੇ ਤਿੰਨ ਚਾਰ ਦਿਨ ਪਹਿਲਾਂ ਹੀ ਜੇਲ 'ਚੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਸੀ। ਇੰਨਾ ਹੀ ਨਹੀਂ ਮ੍ਰਿਤਕ ਦੇ ਪਿਤਾ ਵਿਜੈ ਕੁਮਾਰ 'ਤੇ ਵੀ 25 ਮਈ ਨੂੰ 5 ਗ੍ਰਾਮ ਸਮੈਕ ਦਾ ਇਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਕਾਰਨ ਉਹ ਬਠਿੰਡਾ ਜੇਲ ਵਿਚ ਬੰਦ ਹੈ। ਘਟਨਾ ਤੋਂ ਬਾਅਦ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ 302 ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਕਿਸੇ ਨੂੰ ਵੀ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ।