ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾ ਰਿਹੈ ਬੈਂਕ ਦੇ ਬਾਹਰ ਖੜ੍ਹਾ ਗੰਦਾ ਪਾਣੀ

03/26/2018 7:00:09 AM

ਭੁਲੱਥ, (ਰਜਿੰਦਰ)- ਕੇਂਦਰ ਸਰਕਾਰ ਜਿਥੇ ਪਿਛਲੇ ਸਮੇਂ ਤੋਂ ਸਵੱਛ ਭਾਰਤ ਮੁਹਿੰਮ ਚਲਾ ਕੇ ਦੇਸ਼ ਵਾਸੀਆਂ ਨੂੰ ਸਾਫ-ਸਫਾਈ ਲਈ ਪ੍ਰੇਰਿਤ ਕਰ ਰਹੀ ਹੈ, ਉਥੇ ਹੀ ਭੁਲੱਥ ਨੇੜਲੇ ਪਿੰਡ ਰਾਮਗੜ੍ਹ ਦੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜ੍ਹਾ ਗੰਦਾ ਪਾਣੀ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਪਾਣੀ ਬਾਰਿਸ਼ ਪੈਣ ਨਾਲ ਖੜ੍ਹਾ ਨਹੀਂ ਹੋਇਆ, ਸਗੋਂ ਬੈਂਕ ਦੇ ਬਾਥਰੂਮ 'ਚੋਂ ਬਾਹਰ ਸੜਕ 'ਤੇ ਆ ਰਿਹਾ ਹੈ ਕਿਉਂਕਿ ਬੈਂਕ ਦੇ ਬਾਥਰੂਮ ਦੇ ਪਾਣੀ ਦੀ ਨਿਕਾਸੀ ਪਿਛਲੇ ਸਮੇਂ ਤੋਂ ਨਹੀਂ ਹੋ ਰਹੀ, ਜਿਸ ਕਾਰਨ ਬੈਂਕ ਦੇ ਬਾਥਰੂਮ ਦਾ ਗੰਦਾ ਪਾਣੀ ਸੜਕ ਕਿਨਾਰੇ ਖੜ੍ਹਾ ਹੋ ਜਾਂਦਾ ਹੈ, ਇਸ ਕਰ ਕੇ ਲੋਕਾਂ ਨੂੰ ਬੈਂਕ ਅੰਦਰ ਦਾਖਲ ਹੋਣ ਵੇਲੇ ਮੁਸ਼ਕਲ ਪੇਸ਼ ਆਉਂਦੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇਹ ਪਾਣੀ ਇਕ ਮਹੀਨੇ ਤੋਂ ਇਸੇ ਤਰ੍ਹਾਂ ਖੜ੍ਹਾ ਹੈ ਪਰ ਬੈਂਕ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਆਸੇ-ਪਾਸੇ ਬਦਬੂ ਫੈਲ ਰਹੀ ਹੈ ਤੇ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ 'ਚ ਬੀਮਾਰੀਆਂ ਵੀ ਫੈਲ ਸਕਦੀਆਂ ਹਨ। ਇਸ ਸਬੰਧੀ ਜਦੋਂ ਬੈਂਕ ਮੈਨੇਜਰ ਚੇਤਰਾਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨੂੰ ਠੀਕ ਕਰਵਾ ਲਿਆ ਜਾਵੇਗਾ।