ਬਲੱਡ ਬੈਂਕ ਮਾਮਲਾ : ਮੁੱਖ ਮੰਤਰੀ ਦੇ ਹੁਕਮਾਂ 'ਤੇ SMO ਸਮੇਤ 3 ਸਸਪੈਂਡ

02/07/2020 11:29:09 PM

ਚੰਡੀਗੜ੍ਹ/ਫਗਵਾੜਾ/ਜਲੰਧਰ, (ਅਸ਼ਵਨੀ, ਹਰਜੋਤ, ਧਵਨ, ਮਹਾਜਨ)— ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ 'ਚ ਇਕ ਨੌਜਵਾਨ ਨੂੰ ਵੱਖਰੇ ਬਲੱਡ ਗਰੁੱਪ ਦਾ ਖੂਨ ਦੇਣ ਤੇ 2 ਮਰੀਜ਼ਾਂ ਨੂੰ ਸੰਕਰਮਿਤ ਖੂਨ ਦੇਣ ਸਬੰਧੀ ਹੋਈ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁਕੱਰਵਾਰ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਫਗਵਾੜਾ 'ਚ 2 ਮਰੀਜ਼ਾਂ ਨੂੰ ਐੱਚ. ਸੀ. ਵੀ. ਅਤੇ ਐੱਚ. ਬੀ. ਐੱਸ. ਏ. ਜੀ. ਨਾਲ ਸੰਕਰਮਿਤ ਖੂਨ ਦੇ 2 ਯੂਨਿਟ ਦਿੱਤੇ ਜਾਣ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।

ਸਰਕਾਰੀ ਬੁਲਾਰੇ ਅਨੁਸਾਰ ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਬੀ. ਟੀ. ਓ. ਡਾ. ਹਰਦੀਪ ਸਿੰਘ ਸੇਠੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਐੱਲ. ਟੀ. ਰਵੀ ਪਾਲ ਦੀਆਂ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਸਿਵਲ ਸਰਜਨ ਕਪੂਰਥਲਾ ਨੂੰ ਇਸ ਅਪਰਾਧਿਕ ਲਾਪ੍ਰਵਾਹੀ ਲਈ ਪੁਲਸ ਵਿਭਾਗ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਨੇ ਇਸ ਮਾਮਲੇ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਸਿਹਤ ਵਿਭਾਗ ਨੂੰ ਸਾਰੇ ਬਲੱਡ ਬੈਂਕਾਂ ਦੀ ਤੁਰੰਤ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਖੂਨ ਪ੍ਰਬੰਧਨ ਦੇ ਸਹੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਕਪੂਰਥਲਾ ਜ਼ਿਲੇ ਦੇ ਸਾਰੇ ਬਲੱਡ ਬੈਂਕਾਂ ਦਾ ਅਗਲੇ 3 ਦਿਨਾਂ 'ਚ ਸਿਵਲ ਸਰਜਨਾਂ ਦੀ ਅਗਵਾਈ ਵਾਲੀ ਡਿਸਟ੍ਰਿਕਟ ਬਲੱਡ ਟਰਾਂਸਫਿਊਜ਼ਨ ਕਮੇਟੀ ਵਲੋਂ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਜਾਂਚ ਪ੍ਰਕਿਰਿਆ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਬਲੱਡ ਐਂਡ ਟਰਾਂਸਫਿਊਜ਼ਨ ਕਮੇਟੀ ਦੀਆਂ ਟੀਮਾਂ ਵਲੋਂ ਅਗਲੇ 15 ਦਿਨਾਂ 'ਚ ਸਾਰੇ ਸਰਕਾਰੀ ਬਲੱਡ ਬੈਂਕਾਂ ਦਾ ਨਿਰੀਖਣ ਅਤੇ 31 ਮਾਰਚ ਤੱਕ ਸਾਰੇ ਪ੍ਰਾਈਵੇਟ ਬਲੱਡ ਬੈਂਕਾਂ ਦਾ ਨਿਰੀਖਣ ਕੀਤਾ ਜਾਵੇਗਾ। ਹਰੇਕ ਮਹੀਨੇ ਇਸ ਸਬੰਧੀ ਇਕ ਰਿਪੋਰਟ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਨੂੰ ਭੇਜਣ ਸਬੰਧੀ ਵੀ ਮੁੱਖ ਮੰਤਰੀ ਵਲੋਂ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਫਗਵਾੜਾ ਵਿਖੇ ਇਹ ਘਟਨਾ 30 ਜਨਵਰੀ ਨੂੰ ਡਰੱਗ ਇੰਸਪੈਕਟਰਾਂ ਵਲੋਂ ਬਲੱਡ ਬੈਂਕ ਦੇ ਸਾਂਝੇ ਨਿਰੀਖਣ ਦੌਰਾਨ ਸਾਹਮਣੇ ਆਈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਸਿਵਲ ਸਰਜਨ ਕਪੂਰਥਲਾ ਵਲੋਂ ਜਾਂਚ ਅਤੇ ਤੱਥਾਂ ਦੀ ਪੜਤਾਲ ਲਈ ਤੁਰੰਤ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਨਿਰੀਖਣ ਦੌਰਾਨ ਪਤਾ ਲੱਗਾ ਕਿ ਇਕ ਮਰੀਜ਼ ਜਿਸ ਦਾ ਬਲੱਡ ਗਰੁੱਪ ਓ+ ਹੈ, ਨੂੰ ਬੀ+ ਖੂਨ ਚੜ੍ਹਾਇਆ ਗਿਆ, ਜੋ ਮਰੀਜ਼ ਦੀ ਜਾਨ ਲਈ ਵੱਡਾ ਖਤਰਾ ਸੀ, ਜਿਸ ਨਾਲ ਨੌਜਵਾਨ ਰੋਗੀ ਦੀ ਹਾਲਤ ਵਿਗੜ ਗਈ। ਬੁਲਾਰੇ ਨੇ ਦੱਸਿਆ ਕਿ ਨਿਯਮਾਂ ਮੁਤਾਬਿਕ ਮਰੀਜ਼ ਦੀ ਦੇਖਭਾਲ ਕਰ ਰਹੇ ਐੱਮ. ਓ. ਅਤੇ ਅੱਗੇ ਐੱਸ. ਐੱਮ. ਓ. ਦੀ ਡਿਊਟੀ ਸੀ ਕਿ ਉਹ ਇਸ ਘਟਨਾ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦੇਣ ਪਰ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਆਪਣੀ ਡਿਊਟੀ ਨਿਭਾਉਣ ਵਿਚ ਅਸਫਲ ਰਹੇ ਅਤੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਸਿਵਲ ਸਰਜਨ ਕਪੂਰਥਲਾ ਨੂੰ ਫਗਵਾੜਾ ਸਿਵਲ ਹਸਪਤਾਲ ਬਲੱਡ ਬੈਂਕ 'ਚ ਸਟਾਫ ਦਾ ਬਦਲਵਾਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਸਟਾਫ ਦਾ ਪ੍ਰਬੰਧ ਹੋਣ ਤੋਂ ਬਾਅਦ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਵਲੋਂ ਬਲੱਡ ਬੈਂਕ ਦਾ ਨਿਰੀਖਣ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਨਿਰੀਖਣ ਇਕ ਹਫਤੇ ਦੇ ਅੰਦਰ ਪੂਰਾ ਹੋ ਜਾਵੇਗਾ ਅਤੇ ਜੇਕਰ ਨਿਰੀਖਣ ਦੌਰਾਨ ਸਭ ਕੁਝ ਠੀਕ ਪਾਇਆ ਗਿਆ ਤਾਂ ਬਲੱਡ ਬੈਂਕ ਮੁੜ ਚਾਲੂ ਕਰ ਦਿੱਤਾ ਜਾਵੇਗਾ।      

KamalJeet Singh

This news is Content Editor KamalJeet Singh