ਜਲੰਧਰ ਦੇ ਵੈਸਟ ਹਲਕੇ 'ਚ ਪੈਂਦੀਆਂ ਇਹ ਸੜਕਾਂ ਬਣਗੀਆਂ 'ਸਮਾਰਟ ਰੋਡਜ਼'

01/12/2020 4:11:33 PM

ਜਲੰਧਰ (ਖੁਰਾਣਾ)— ਸਮਾਰਟ ਸਿਟੀ ਮਿਸ਼ਨ ਨੂੰ ਲਾਗੂ ਹੋਏ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਇਸ ਪ੍ਰਾਜੈਕਟ ਦੇ ਤਹਿਤ ਜਲੰਧਰ ਸ਼ਹਿਰ ਵਿਚ ਫਿਲਹਾਲ ਕਾਫੀ ਹੌਲੀ ਗਤੀ ਨਾਲ ਕੰਮ ਚੱਲਦਾ ਰਿਹਾ ਹੈ। ਇਨ੍ਹੀਂ ਦਿਨੀਂ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਜਿਨ੍ਹਾਂ 'ਚ ਵਿਧਾਇਕ ਸੁਸ਼ੀਲ ਰਿੰਕੂ ਦੇ ਵੈਸਟ ਹਲਕੇ 'ਚ ਆਉਂਦੇ ਕਈ ਪ੍ਰਾਜੈਕਟ ਸ਼ਾਮਲ ਹਨ। ਸਮਾਰਟ ਸਿਟੀ ਕੰਪਨੀ ਨੇ ਵਿਧਾਇਕ ਰਿੰਕੂ ਦੇ ਹਲਕੇ 'ਚ 56 ਕਰੋੜ ਦੇ ਕੰਮਾਂ ਦੇ ਟੈਂਡਰ ਲਗਾ ਦਿੱਤੇ ਹਨ, ਜੋ 31 ਜਨਵਰੀ ਨੂੰ ਖੁੱਲ੍ਹਣ ਜਾ ਰਹੇ ਹਨ ਅਤੇ 3 ਫਰਵਰੀ ਨੂੰ ਫਾਈਨੈਂਸ਼ੀਅਲ ਅਤੇ ਟੈਕਨੀਕਲ ਬਿਡ ਖੋਲ੍ਹਣ ਤੋਂ ਬਾਅਦ ਜੇਕਰ ਸਾਰਾ ਕੁਝ ਨਾਰਮਲ ਰਿਹਾ ਤਾਂ ਫਰਵਰੀ ਮਹੀਨੇ 'ਚ ਹੀ ਇਹ ਕੰਮ ਸ਼ੁਰੂ ਹੋ ਸਕਦੇ ਹਨ।

ਵਿਧਾਇਕ ਰਿੰਕੂ ਦੇ ਹਲਕੇ 'ਚ ਪੈਂਦੀ 120 ਫੁੱਟੀ ਰੋਡ 'ਤੇ ਬਰਸਾਤੀ ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਹੈ, ਜਿਸ ਕਾਰਨ ਹਰ ਵਾਰ ਇਸ ਇਲਾਕੇ ਨੂੰ ਗੰਭੀਰ ਸਮੱਸਿਆ ਆਉਂਦੀ ਹੈ। ਵਿਧਾਇਕ ਰਿੰਕੂ ਦੀਆਂ ਕੋਸ਼ਿਸ਼ਾਂ ਨਾਲ ਸਮਾਰਟ ਸਿਟੀ ਮਿਸ਼ਨ ਦੇ ਤਹਿਤ 120 ਫੁੱਟੀ ਰੋਡ 'ਤੇ ਸਟਾਰਮ ਵਾਟਰ ਸੀਵਰ ਪਾਉਣ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ, ਜਿਸ 'ਤੇ 20.37 ਕਰੋੜ ਰੁਪਏ ਖਰਚ ਆਉਣਗੇ। ਇਸ ਤੋਂ ਇਲਾਵਾ ਸਮਾਰਟ ਸਿਟੀ ਦੇ ਤਹਿਤ ਵੈਸਟ ਵਿਧਾਨ ਸਭਾ ਹਲਕੇ 'ਚ ਪੈਂਦੀਆਂ 3 ਮੁੱਖ ਸੜਕਾਂ ਨੂੰ ਸਮਾਰਟ ਰੋਡਜ਼ ਦੇ ਘੇਰੇ 'ਚ ਲਿਆਉਂਦਾ ਜਾ ਰਿਹਾ ਹੈ, ਜਿਨ੍ਹਾਂ ਸਬੰਧੀ ਪ੍ਰਸਤਾਵ ਵੀ ਵਿਧਾਇਕ ਰਿੰਕੂ ਦੀਆਂ ਕੋਸ਼ਿਸ਼ਾਂ ਨਾਲ ਹੀ ਸੰਭਵ ਹੋ ਸਕੇ ਹਨ। ਫਿਲਹਾਲ 36.16 ਕਰੋੜ ਦੀ ਲਾਗਤ ਨਾਲ ਇਸ ਇਲਾਕੇ ਦੀਆਂ 3 ਸੜਕਾਂ ਨੂੰ ਸਮਾਰਟ ਰੋਡਜ਼ ਬਣਾਇਆ ਜਾਵੇਗਾ। ਇਹ ਟੈਂਡਰ ਵੀ ਲੱਗ ਚੁੱਕੇ ਹਨ ਅਤੇ 31 ਜਨਵਰੀ ਨੂੰ ਖੁੱਲ੍ਹਣ ਜਾ ਰਹੇ ਹਨ।

ਵੈਸਟ 'ਚ ਬਣਨ ਜਾ ਰਹੀਆਂ ਨੇ ਇਹ ਸਮਾਰਟ ਰੋਡਜ਼
ਫੁੱਟਬਾਲ ਚੌਕ ਤੋਂ ਕਪੂਰਥਲਾ ਚੌਕ
ਕਪੂਰਥਲਾ ਚੌਕ ਤੋਂ ਬਾਵਾ ਖੇਲ ਨਹਿਰ ਦੀ ਪੁਲੀ
ਬਾਵਾ ਖੇਲ ਨਹਿਰ ਦੀ ਪੁਲੀ ਤੋਂ ਬਾਬੂ ਜਗਜੀਵਨ ਰਾਮ ਚੌਕ

ਕਾਲਜ ਅਤੇ ਕਮਿਊਨਿਟੀ ਹਾਲ ਤੋਂ ਬਾਅਦ ਹੁਣ ਸਮਾਰਟ ਸਿਟੀ 'ਤੇ ਫੋਕਸ
ਵਿਧਾਇਕ ਸੁਸ਼ੀਲ ਰਿੰਕੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਕਰੀਬੀ ਸਬੰਧਾਂ ਦਾ ਫਾਇਦਾ ਉਠਾਉਂਦਿਆਂ ਸਭ ਤੋਂ ਅਹਿਮ ਕਪੂਰਥਲਾ ਰੋਡ 'ਤੇ ਹਾਈਵੇਅ ਦਾ ਨਿਰਮਾਣ ਪੂਰਾ ਕਰਵਾਇਆ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਥੇ ਖੁਦ ਰਿੰਕੂ ਵੱਲੋਂ ਲਗਾਏ ਗਏ ਧਰਨੇ 'ਚ ਹਿੱਸਾ ਲਆ ਸੀ। ਇਸ ਤੋਂ ਬਾਅਦ ਵਿਧਾਇਕ ਰਿੰਕੂ ਨੇ ਮੁੱਖ ਮੰਤਰੀ ਨੂੰ ਕਹਿ ਕੇ ਸਥਾਨਕ ਚਾਰਾ ਮੰਡੀ 'ਚ ਲੜਕੀਆਂ ਦਾ ਸਰਕਾਰੀ ਕਾਲਜ ਮਨਜ਼ੂਰ ਕਰਵਾਇਆ, ਜਿਸ ਦਾ ਨਿਰਮਾਣ ਕੰਮ ਤੇਜ਼ੀ ਨਾਲ ਚੱਲ ਿਰਹਾ ਹੈ ਅਤੇ ਇਸ ਨਾਲ ਲੋਕਾਂ ਦੀ ਕਈ ਸਾਲ ਪੁਰਾਣੀ ਮੰਗ ਪੂਰੀ ਹੋਈ ਹੈ। ਹਾਲ ਹੀ 'ਚ ਵਿਧਾਇਕ ਰਿੰਕੂ ਨੇ ਮੁੱਖ ਮੰਤਰੀ ਨਾਲ ਚੰਡੀਗੜ੍ਹ 'ਚ ਮੁਲਾਕਾਤ ਕਰਕੇ 120 ਫੁੱਟੀ ਰੋਡ 'ਤੇ ਬਣਣ ਜਾ ਰਹੇ ਗੁਰੂ ਰਵਿਦਾਸ ਕਮਿਊਨਿਟੀ ਹਾਲ ਦਾ ਪ੍ਰਾਜੈਕਟ ਪਾਸ ਕਰਵਾ ਲਿਆ ਹੈ, ਜਿਸ ਨਾਲ ਵੀ ਸਮਾਜ 'ਚ ਖੁਸ਼ੀ ਪਾਈ ਜਾ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਲੜਕੀਆਂ ਦੇ ਕਾਲਜ ਤੇ ਕਮਿਊਨਿਟੀ ਹਾਲ ਤੋਂ ਬਾਅਦ ਹੁਣ ਵਿਧਾਇਕ ਰਿੰਕੂ ਨੇ ਸਮਾਰਟ ਸਿਟੀ ਪ੍ਰਾਜੈਕਟਾਂ ਦੇ ਪੈਸੇ ਆਪਣੇ ਹਲਕੇ ਿਵਚ ਲਗਵਾਉਣ 'ਤੇ ਫੋਕਸ ਰੱਖਿਆ ਹੈ। ਇਸ ਸਬੰਧ ਵਿਚ ਵਿਧਾਇਕ ਸੁਸ਼ੀਲ ਰਿੰਕੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲਦੀ ਹੀ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਸਪੋਰਟਸ ਮਾਰਕੀਟ ਤੇ ਵੈਸਟ 'ਚੋਂ ਲੰਘਣ ਵਾਲੀ ਨਹਿਰ ਦਾ ਸੁੰਦਰੀਕਰਨ ਵੀ ਸ਼ੁਰੂ ਹੋਵੇਗਾ, ਜਿਸ ਨਾਲ ਇਲਾਕੇ ਦੀ ਨੁਹਾਰ ਬਦਲ ਜਾਵੇਗੀ।

shivani attri

This news is Content Editor shivani attri