ਪੰਜਾਬ ਵਾਸੀਆਂ ਲਈ ਅਹਿਮ ਖਬਰ, ਸਮਾਰਟ ਰਾਸ਼ਨ ਕਾਰਡ ਬਣਾਉਣ ਸੰਬੰਧੀ ਪ੍ਰਕਿਰਿਆ ਸ਼ੁਰੂ

01/07/2020 6:35:14 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਦੇ ਯੋਗ ਲਾਭਪਾਤਰੀਆਂ ਦੇ ਸਮਾਰਟ ਰਾਸ਼ਨ ਕਾਰਡ (ਚਿਪ ਵਾਲਾ) ਬਣਾਉਣ ਸਬੰਧੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਦਿੱਤੀ ਗਈ। ਮੀਟਿੰਗ ਵਿਚ  ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੋਧਰੀ, ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਰਜਿੰਦਰ ਸਿੰਘ, ਮਦਨ ਲਾਲਾ ਜਲਾਲਪੁਰ, ਕੁਲਬੀਰ ਸਿੰਘ ਜ਼ੀਰਾ, ਸਪੈਸ਼ਲ ਇਨਵਾਈਟੀ ਕੈਪਟਨ ਸੰਦੀਪ ਸੰਧੂ, ਪ੍ਰਮੁੱਖ ਸਕੱਤਰ ਕੇ.ਏ.ਪੀ ਸਿਨ੍ਹਾ ਖੁਰਾਕ ਤੇ ਸਿਵਲ ਸਪਲਾਈ, ਰਾਜੀ ਪੀ ਸ਼੍ਰੀਵਾਸਤਵਾ ਪ੍ਰਮੁੱਖ ਸਕੱਤਰ ਮਹਿਲਾ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ, ਅਨਨਿੰਦਤਾ ਮਿੱਤਰਾ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਹਾਜ਼ਰ ਸਨ।   

ਮੀਟਿੰਗ ਦੌਰਾਨ ਮੰਤਰੀ ਆਸ਼ੂ ਨੇ ਕਿਹਾ ਕਿ ਰਾਸ਼ਨ ਦੇ ਨਾਲ-ਨਾਲ ਚਾਹ ਪੱਤੀ ਅਤੇ ਖੰਡ ਦੀ ਵੰਡ ਵੀ ਜਲਦ ਹੀ ਈ-ਪੌਸ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਿੱਪ ਵਾਲੇ ਸਮਾਰਟ ਰਾਸ਼ਨ ਕਾਰਡ ਨਾਲ ਲਾਭਪਾਤਰੀ ਵਲੋਂ ਪਿਛਲੇ ਅਰਸਿਆਂ ਦੌਰਾਨ ਲਏ ਗਏ ਰਾਸ਼ਨ ਦਾ ਵੇਰਵਾ ਕਦੇ ਵੀ ਈ-ਪੌਸ ਮਸ਼ੀਨ ਵਿਚ ਸਵਾਈਪ ਕਰਨ ਨਾਲ ਪ੍ਰਾਪਤ ਕੀਤਾ ਜਾ ਸਕਾਦ ਹੈ। ਇਸ ਦੇ ਨਾਲ ਹੀ ਪੋਰਟੇਬਿਲਟੀ ਫੈਸਿਲਟੀ ਤਹਿਤ ਇਸ ਸਮਾਰਟ ਕਾਰਡ ਰਾਹੀਂ ਉਹ ਪੰਜਾਬ ਦੇ ਕਿਸੇ ਵੀ ਜ਼ਿਲੇ ਤੋਂ ਆਪਣਾ ਰਾਸ਼ਨ ਲੈ ਸਕਦਾ ਹੈ।

ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕੰਮ ਕਰ ਰਹੇ ਚੈਰੀਟੇਬਲ/ਵੈਲਫੇਅਰ ਸੁਸਾਇਟਿਆਂ ਅਤੇ ਹੋਸਟਲਾਂ ਨੂੰ ਵੀ ਬੀ.ਪੀ.ਐਲ. ਮੁੱਲ ਤੇ ਕਣਕ ਅਤੇ ਚੌਲ ਮੁਹੱਈਆ ਕਰਵਾਉਣ ਸਬੰਧੀ ਪ੍ਰੀਕਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਅਧੀਨ ਅਨਾਥ ਆਸ਼ਰਮਾਂ/ਬਾਲ ਆਸ਼ਰਮ/ ਬੈਗਰ ਹੋਮ/ਨਾਰੀ ਨਿਕੇਤਨ/ਬਿਰਧ ਆਸ਼ਰਮਾਂ ਵਿਚ ਰਹਿ ਰਹੇ ਲੋਕਾਂ ਨੂੰ ਵੀ ਖੁਰਾਕ ਸੁਰੱਖਿਆ ਯੋਜਨਾ ਅਧੀਨ ਸਸਤੇ ਮੁੱਲ ਅਤੇ ਰਾਸ਼ਨ ਮੁਹੱਈਆਂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਚੈਰੀਟੇਬਲ ਟਰੱਸਟ ਲੋਕ ਭਲਾਈ ਦੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਬੀ.ਪੀ.ਐਲ. ਮੁੱਲ ਤੇ ਕਣਕ ਅਤੇ ਚੌਲ ਮੁਹੱਈਆ ਕਰਵਾਏ ਜਾਣਗੇ। ਇਹ ਲਾਭ ਸਿਰਫ ਉਨ੍ਹਾਂ ਸੰਸਥਾਵਾਂ ਨੂੰ ਹੀ ਦਿੱਤਾ ਜਾਵੇਗਾ ਜੋ ਰਾਜ ਸਰਕਾਰ ਕੋਲ ਰਜਿਸਟਰਡ ਹੋਣਗੀਆਂ।

Gurminder Singh

This news is Content Editor Gurminder Singh