ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਨੂੰ ਸਮਾਰਟ ਸਿਟੀ ਲਈ 500 ਕਰੋੜ ਰੁਪਏ ਜਾਰੀ

01/07/2018 1:44:55 PM

ਅੰਮ੍ਰਿਤਸਰ (ਵਾਲੀਆ)- ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਅੱਜ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ 3 ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਲਈ ਕੇਂਦਰ ਵੱਲੋਂ 500 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ 'ਚੋਂ ਲੁਧਿਆਣਾ ਲਈ 200 ਕਰੋੜ ਰੁਪਏ ਤੇ ਅੰਮ੍ਰਿਤਸਰ ਅਤੇ ਜਲੰਧਰ ਲਈ 150-150 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਸਿੱਧੂ ਨੇ ਦੱਸਿਆ ਕਿ ਬੀਤੀ ਸ਼ਾਮ ਦਿੱਲੀ ਤੋਂ ਆਈ ਟੀਮ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਸਕੱਤਰ ਡਾ. ਸਮੀਰ ਸ਼ਰਮਾ ਵੱਖ-ਵੱਖ ਕੰਮਾਂ ਲਈ ਨਿਯੁਕਤ ਕੀਤੇ ਗਏ ਸਲਾਹਕਾਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਕੋਲੋਂ 50 ਕਰੋੜ ਰੁਪਏ ਦਾ ਹਿੱਸਾ ਪਾ ਕੇ ਕੇਂਦਰ ਕੋਲੋਂ 500 ਕਰੋੜ ਰੁਪਏ ਪ੍ਰਾਪਤ ਕੀਤੇ ਹਨ। ਇਨ੍ਹਾਂ ਪੈਸਿਆਂ ਨਾਲ ਸ਼ਹਿਰਾਂ ਦਾ ਸੀਵਰੇਜ ਸਿਸਟਮ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਸਕੇਗੀ ਅਤੇ ਸ਼ਹਿਰੀ ਲੋਕਾਂ ਨੂੰ ਪੀਣ ਲਈ ਨਹਿਰੀ ਪਾਣੀ ਮੁਹੱਈਆ ਹੋ ਸਕੇਗਾ। ਬੀ. ਆਰ. ਟੀ. ਐੱਸ. ਸਿਸਟਮ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਵਿਚ ਸੁਧਾਰ ਲਿਆਉਣ ਦੀ ਬਹੁਤ ਲੋੜ ਹੈ ਅਤੇ ਬੱਸਾਂ ਦੇ ਆਉਣ ਅਤੇ ਜਾਣ ਦੇ ਅੰਤਰ ਵਿਚ ਸਿਰਫ 3 ਮਿੰਟ ਦਾ ਫਰਕ ਰੱਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਬੱਸਾਂ ਦੀ ਜ਼ਿਆਦਾ ਉਡੀਕ ਨਾ ਕਰਨੀ ਪਵੇ।
ਸਿੱਧੂ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਵਿਖੇ 34 ਏਕੜ ਦੀ ਜਗ੍ਹਾ ਵਿਚ ਸਪੋਰਟਸ ਪਾਰਕ ਸਥਾਪਤ ਕੀਤਾ ਜਾਵੇਗਾ, ਜਿਥੇ ਹਰ ਤਰ੍ਹਾਂ ਦੀਆਂ ਖੇਡਾਂ ਦੀ ਸਹੂਲਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਵਿਚ 5 ਨਵੇਂ ਫਲਾਈਓਵਰ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ 'ਚ ਭੰਡਾਰੀ ਬ੍ਰਿਜ, 22 ਨੰ. ਫਾਟਕ, ਵੱਲਾ, ਪੁਤਲੀਘਰ ਅਤੇ ਫੋਰ ਐੱਸ ਚੌਕ ਸ਼ਾਮਲ ਹਨ।