ਸਾਨੂੰ ਆਪਣਾ ਪਰਿਵਾਰ ਰੱਖਣਾ ਚਾਹੀਦੈ ਛੋਟਾ : ਕਰਨ ਕੌਰ ਬਰਾੜ

Wednesday, Jul 12, 2017 - 07:59 AM (IST)

ਸ੍ਰੀ ਮੁਕਤਸਰ ਸਾਹਿਬ  (ਪਵਨ, ਭੁਪਿੰਦਰ) - ਜ਼ਿਲਾ ਸਿਹਤ ਵਿਭਾਗ ਵੱਲੋਂ 'ਵਿਸ਼ਵ ਆਬਾਦੀ ਦਿਵਸ' ਦੇ ਸਬੰਧ ਵਿਚ ਸਿਵਲ ਸਰਜਨ ਦੇ ਦਫਤਰ ਵਿਖੇ ਜ਼ਿਲਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ 'ਚ ਸਾਬਕਾ ਹਲਕਾ ਵਿਧਾਇਕ ਬੀਬਾ ਕਰਨ ਬਰਾੜ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਡਾ. ਸੁਖਪਾਲ ਸਿੰਘ ਸਿਵਲ ਸਰਜਨ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।  ਇਸ ਸਮੇਂ ਭਿੰਦਰ ਸ਼ਰਮਾ ਬਲਾਕ ਪ੍ਰਧਾਨ ਸ਼ਹਿਰੀ ਕਾਂਗਰਸ, ਹਰਪਾਲ ਸਿੰਘ ਸੰਧੂ ਬਲਾਕ ਪ੍ਰਧਾਨ ਦਿਹਾਤੀ ਕਾਂਗਰਸ, ਬਿੱਟਾ ਗਿੱਲ ਐੱਮ. ਸੀ., ਸੁਖਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਕਾਂਗਰਸੀ ਆਗੂ, ਹਰਦੀਪ ਸਿੰਘ ਸੱਕਾਂਵਾਲੀ, ਨਰਿੰਦਰ ਸਿੰਘ, ਓਮ ਪ੍ਰਕਾਸ਼ ਸ਼ਰਮਾ, ਡਾ. ਨਰੇਸ਼ ਪਰੂਥੀ, ਡਾ. ਬੋਹੜ ਸਿੰਘ, ਡਾ. ਜਾਗ੍ਰਿਤੀ ਚੰਦਰ, ਈਸ਼ਵਰ ਚੰਦਰ, ਡਾ. ਸੁਮਨ ਵਧਾਵਨ ਐੱਸ. ਐੱਮ. ਓ., ਡਾ. ਸਤੀਸ਼ ਗੋਇਲ ਡੀ. ਐੱਮ. ਸੀ. ਆਦਿ ਹਾਜ਼ਰ ਸਨ।
ਇਸ ਮੌਕੇ ਕਰਨ ਕੌਰ ਬਰਾੜ ਨੇ ਕਿਹਾ ਕਿ ਸਾਨੂੰ ਆਪਣਾ ਪਰਿਵਾਰ ਛੋਟਾ ਰੱਖਣਾ ਚਾਹੀਦਾ ਤਾਂ ਜੋ ਆਪਾ ਆਪਣੇ ਬੱਚਿਆਂ ਦੀ ਵਧੀਆ ਪ੍ਰਵਰਿਸ਼ ਦੇ ਨਾਲ-ਨਾਲ ਉਨ੍ਹਾਂ ਨੂੰ ਮਿਆਰੀ ਪੱਧਰ ਦੀ ਤਾਲੀਮ ਦੇ ਸਕੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂ 'ਤੇ ਮੁਫ਼ਤ ਉਪਲੱਬਧ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ। 
ਇਸ ਸਮੇਂ ਡਾ. ਸੁਖਪਾਲ ਸਿੰਘ ਬਰਾੜ ਨੇ ਬੀਬਾ ਕਰਨ ਕੌਰ ਬਰਾੜ ਤੇ ਉਨ੍ਹਾਂ ਦੇ ਨਾਲ ਆਈਆਂ ਰਾਜਨੀਤਿਕ ਸ਼ਖਸੀਅਤਾਂ ਦਾ ਇਸ ਸਮਾਗਮ ਵਿਚ ਸ਼ਾਮਲ ਹੋਣ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। 
ਇਸ ਮੌਕੇ ਡਾ. ਰੰਜੂ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਸ੍ਰੀ ਮੁਕਤਸਰ ਸਾਹਿਬ, ਗੁਰਤੇਜ ਸਿੰਘ ਤੇ ਸੁਖਮੰਦਰ ਸਿੰਘ ਬਰਾੜ ਅਤੇ ਡਾ. ਨਰੇਸ਼ ਪਰੂਥੀ ਨੇ ਵੱਧ ਰਹੀ ਆਬਾਦੀ ਸਬੰਧੀ ਹਾਜ਼ਰੀਨ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਉਹ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਰਿਸ਼ਤੇਦਾਰਾਂ ਤੇ ਖਾਸ ਕਰ ਕੇ ਨਵੇਂ ਵਿਆਹੇ ਜੋੜਿਆਂ ਨੂੰ ਦੋ ਬੱਚਿਆਂ ਵਿਚ ਘੱਟੋ-ਘੱਟ 5 ਸਾਲਾਂ ਦਾ ਅੰਤਰ ਰੱਖਣ ਲਈ ਜ਼ਰੂਰ ਜਾਗਰੂਕ ਕਰਨ। ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਪੰਫਲੇਟ ਵੀ ਜਾਰੀ 
ਕੀਤੇ ਗਏ। 


Related News