ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਲੇਬਰ ਵਿਭਾਗ ਵਿਰੁੱਧ ਨਾਅਰੇਬਾਜ਼ੀ

03/20/2018 7:04:11 AM

ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਉਸਾਰੀ ਕਿਰਤੀਆਂ ਦਾ ਇਕ ਕਾਫਲਾ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਾ ਹੋਇਆ ਡੀ. ਸੀ. ਕੰਪਲੈਕਸ, ਲੇਬਰ ਦਫਤਰ ਜਲੰਧਰ ਲਈ ਕਪੂਰਥਲਾ ਦਾਣਾ ਮੰਡੀ ਤੋਂ ਰਵਾਨਾ ਹੋਇਆ। 
ਕਾਮਰੇਡ ਸਰਵਣ ਸਿੰਘ ਠੱਟਾ ਤੇ ਨਿਰਮਲ ਸਿੰਘ ਸੈਦਪੁਰ ਨੇ ਦਸਿਆ ਕਿ 7 ਅਗਸਤ 2017 ਤੋਂ ਉਸਾਰੀ ਕਿਰਤੀਆਂ ਦਾ ਰਿਕਾਰਡ ਆਨ ਲਾਈਨ ਕਰਨ ਦੀ ਪ੍ਰੀਕਿਰਿਆ ਨੂੰ ਸ਼ੁਰੂ ਕੀਤਾ ਗਿਆ, ਜੋ ਫਰਵਰੀ 2018 ਤਕ ਪੂਰੀ ਕਰਨ ਤੋਂ ਬਾਅਦ ਲੱਖਾਂ ਉਸਾਰੀ ਕਿਰਤੀਆਂ ਦਾ ਡਾਟਾ ਆਨ ਲਾਈਨ ਕਰ ਦਿੱਤਾ ਗਿਆ ਪਰ ਬਾਅਦ 'ਚ ਸਰਕਾਰ ਵੱਲੋਂ ਇਹ ਸਾਰਾ ਡਾਟਾ ਡਿਲੀਟ (ਕੱਟ) ਕਰ ਕੇ ਇਹ ਸਾਰਾ ਡਾਟਾ ਦੁਬਾਰਾ ਲੇਬਰ ਦਫਤਰਾਂ 'ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ, ਜਿਸ ਨਾਲ ਕਿਰਤੀ ਫਿਰ ਦੁਬਾਰਾ ਲੇਬਰਾਂ ਦਫਤਰਾਂ 'ਚ ਧੱਕੇ ਖਾਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਪਹਿਲਾਂ ਹੀ ਸਰਕਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਇਹ ਸਾਰਾ ਡਾਟਾ ਆਫ ਲਾਈਨ ਵੀ ਜਾਰੀ ਰੱਖਿਆ ਜਾਵੇ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕੀ। 
ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਆਫ ਲਾਈਨ ਕੰਮ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਸਮੂਹ ਕਿਰਤੀਆਂ ਵਲੋਂ ਲਗਾਤਾਰ 5 ਦਿਨ ਡੀ. ਸੀ ਕੰਪਲੈਕਸ, ਲੇਬਰ ਦਫਤਰ ਜਲੰਧਰ ਮੋਹਰੇ ਧਰਨੇ ਲਗਾਏ ਜਾ ਰਹੇ ਹਨ ਤਾਂ ਜੋ ਲੇਬਰ ਵਿਭਾਗ ਤੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। ਇਸ ਕਾਫਲੇ 'ਚ ਜਗੀਰ ਸਿੰਘ ਛੰਨਾ ਸ਼ੇਰ ਸਿੰਘ, ਜਗਤਾਰ ਸਿੰਘ ਸ਼ਿਕਾਰਪੁਰ, ਸਤਨਾਮ ਸਿੰਘ ਸਾਬੂਵਾਲ, ਸੱਜਣ ਸਿੰਘ ਤਲਵੰਡੀ ਚੌਧਰੀਆ, ਬਲਬੀਰ ਚੰਦ ਸੈਦਪੁਰ, ਅਮਰਜੀਤ ਸਿੰਘ ਡੌਲਾ, ਨਿਰਵੈਰ ਸਿੰਘ, ਸੋਨੂੰ ਟਿੱਬਾ, ਪ੍ਰੀਤਮ ਸਿੰਘ, ਨਾਨਕ ਸਿੰਘ, ਕੁਲਵਿੰਦਰ ਸਿੰਘ ਠੱਟਾ ਨਵਾਂ, ਬਲਦੇਵ ਸਿੰਘ ਵਾਟਾਵਾਲੀ, ਸੁਰਜਨ ਸਿੰਘ, ਸੁਰਿੰਦਰ ਸਿੰਘ ਖਿੱਜਰਪੁਰ ਆਪਣੇ ਜਥੇ ਨੂੰ ਲੈ ਕੇ ਸ਼ਾਮਿਲ ਹੋਏ।