ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

09/24/2017 12:08:06 AM

ਬਟਾਲਾ,  (ਬੇਰੀ, ਅਸ਼ਵਨੀ)-  ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਯੂਨੀਅਨ ਦੀ ਇਕ ਰੈਲੀ ਪੰਜਾਬ ਪ੍ਰਧਾਨ ਮਨਜੀਤ ਰਾਜ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਜਨਰਲ ਸਕੱਤਰ ਪੰਜਾਬ ਨਿਰਮਲਜੀਤ ਕੌਰ, ਵਾਈਸ ਪ੍ਰਧਾਨ ਰਾਜ ਕੁਮਾਰ, ਸੂਬਾ ਆਗੂ ਪਿਆਰਾ ਲਾਲ, ਰਾਮ ਮੂਰਤੀ ਕੈਸ਼ੀਅਰ, ਸ਼ਮਾ ਚੈਨ, ਜਸਪਿੰਦਰ, ਪਿੰਕੀ ਸ਼ਰਮਾ, ਕਨਵੀਨਰ ਸੁਰਿੰਦਰ ਚੈਨ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।  ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਮਨਜੀਤ ਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ ਵਰਗ ਦੇ ਹਿੱਤਾਂ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਸਿਰਫ ਗਰੀਬ ਵਰਗ ਨਾਲ ਭੇਦਭਾਵ ਕੀਤਾ ਹੈ, ਜਿਸ ਕਰਕੇ ਬੇਘਰੇ ਯੂਨੀਅਨ ਵਿਚ ਕੇਂਦਰ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਪ੍ਰਧਾਨ ਮਨਜੀਤ ਰਾਜ ਨੇ ਸੂਬੇ ਦੀ ਕੈਪਟਨ ਸਰਕਾਰ ਨੂੰ ਫੇਲ ਆਖਦਿਆਂ ਕਿਹਾ ਕਿ ਲੋਕ 6 ਮਹੀਨਿਆਂ ਅੰਦਰ ਹੀ ਉਨ੍ਹਾਂ ਕੋਲੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 11 ਅਕਤੂਬਰ ਨੂੰ ਹੋਣ ਜਾ ਰਹੀ ਲੋਕ ਸਭਾ ਜ਼ਿਮਨੀ ਚੋਣ ਵਿਚ ਬੇਘਰੇ ਆਗੂ ਕਿਸੇ ਵੀ ਪਾਰਟੀ ਨੂੰ ਆਪਣਾ ਸਮਰਥਨ ਨਹੀਂ ਦੇਣਗੇ ਅਤੇ ਇਹ ਅਗਲੇ ਕੁਝ ਦਿਨਾਂ ਵਿਚ ਯੂਨੀਅਨ ਆਗੂ ਤੈਅ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬੇਘਰੇ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਆਸਾਨ ਕਿਸ਼ਤਾਂ 'ਤੇ ਮਕਾਨ ਬਣਾ ਕੇ ਦੇਵੇ ਤਾਂ ਜੋ ਉਨ੍ਹਾਂ ਦਾ ਆਪਣਾ ਰਹਿਣ ਬਸੇਰਾ ਹੋ ਸਕੇ।