ਸਰਵਿਸ ਲੇਨ ''ਤੇ ਮੀਟ ਵੇਚਣ ਵਾਲਿਆਂ ਖਿਲਾਫ ਨਾਅਰੇਬਾਜ਼ੀ

01/15/2018 4:40:27 AM

ਭਵਾਨੀਗੜ੍ਹ, (ਸੰਜੀਵ)- ਮੁੱਖ ਮਾਰਗ ਨਾਲ ਬਣੀ ਸਰਵਿਸ ਲੇਨ 'ਤੇ ਬਾਬਾ ਪੀਰ ਨੇੜੇ ਮੀਟ ਵੇਚਣ ਵਾਲਿਆਂ ਵੱਲੋਂ ਰੱਖੇ ਗਏ ਖੋਖਿਆਂ ਤੋਂ ਪ੍ਰੇਸ਼ਾਨ ਹੋਏ ਹਿੰਦੁਸਤਾਨ ਭਵਨ ਉਸਾਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ, ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਝੀ, ਬਿਕਰਮਜੀਤ ਸਿੰਘ, ਟੈਂਪੂ ਯੂਨੀਅਨ ਦੇ ਪ੍ਰਧਾਨ ਅਮਰ ਸਿੰਘ ਆਲੋਅਰਖ, ਬਿੱਲੂ ਖਾਨ, ਪਰਵਿੰਦਰ ਸਿੰਘ, ਬਾਵਾ ਦਾਸ, ਕਰਮਜੀਤ ਸਿੰਘ, ਕਾਲਾ ਭੱਟੀਵਾਲ, ਬੱਬੀ ਸਿੰਘ, ਨਿਰਮਲ ਸਿੰਘ, ਸਾਲਗ ਰਾਮ, ਹਾਕਮ ਸਿੰਘ, ਭਿੰਦਰ ਸਿੰਘ, ਸੁਖਵਿੰਦਰ ਸਿੰਘ, ਮੇਲਾ ਸਿੰਘ ਆਦਿ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸਨ ਤੇ ਖੋਖਿਆਂ ਵਾਲਿਆਂ ਖਿਲਾਫ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਥੇ ਬਣੇ ਦਰਜਨਾਂ ਮੀਟ ਦੇ ਖੋਖਿਆਂ 'ਚ ਕੱਚਾ ਮੀਟ ਤਿਆਰ ਕਰ ਕੇ ਸ਼ਰੇਆਮ ਸਰਵਿਸ ਲੇਨ 'ਤੇ ਰੱਖ ਕੇ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਸਰਵਿਸ ਲੇਨ ਤੋਂ ਪੈਦਲ ਲੰਘਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੋਖਿਆਂ ਦੇ ਪਿਛਲੇ ਪਾਸੇ ਟੈਂਪੂ ਯੂਨੀਅਨ, ਮਜ਼ਦੂਰ ਯੂਨੀਅਨ ਤੇ ਟੈਕਸੀ ਯੂਨੀਅਨ ਵਾਲੇ ਖੜ੍ਹਦੇ ਹਨ, ਜਿਨ੍ਹਾਂ ਨੂੰ ਹਰ ਵੇਲੇ ਕੱਚੇ ਮੀਟ ਦੀ ਬਦਬੂ ਆਉਂਦੀ ਹੈ। ਇਨ੍ਹਾਂ ਖੋਖਿਆਂ ਦੀ ਜਗ੍ਹਾ ਬਦਲਣ ਲਈ ਕਈ ਵਾਰ ਪ੍ਰਸ਼ਾਸਨ ਨੂੰ ਮਿਲਿਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।
ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਖੋਖੇ ਵਾਲਿਆਂ ਵੱਲੋਂ ਕੱਚਾ ਮੀਟ ਤਿਆਰ ਕਰ ਕੇ ਲੋਕਾਂ ਨੂੰ ਪਰੋਸ ਦਿੱਤਾ ਜਾਂਦਾ ਹੈ ਪਰ ਫਾਲਤੂ ਖੰਭ ਆਦਿ ਇਥੇ ਹੀ ਸੁੱਟ ਦਿੱਤੇ ਜਾਂਦੇ ਹਨ। ਮਜ਼ਦੂਰ ਯੂਨੀਅਨ ਨੇ ਦੋਸ਼ ਲਾਇਆ ਕਿ ਮੀਟ ਦੀ ਰਹਿੰਦ-ਖੂੰਹਦ ਕਾਰਨ ਫੈਲਣ ਵਾਲੇ ਪ੍ਰਦੂਸ਼ਣ ਕਾਰਨ ਇਥੇ ਬੈਠਣ ਵਾਲੇ ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ।
ਜਦੋਂ ਉਹ ਦੁਪਹਿਰ ਨੂੰ ਕੰਮ ਤੋਂ ਥੱਕ ਕੇ ਰੋਟੀ ਖਾਣ ਲਈ ਬੈਠਦੇ ਹਨ ਤਾਂ ਮੀਟ ਦੀ ਬਦਬੂ ਦੂਰ-ਦੂਰ ਤੱਕ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੱਚਾ ਮੀਟ ਵੇਚਣ ਵਾਲਿਆਂ ਨੂੰ ਭਾਈਬੰਦੀ ਨਾਲ ਕਈ ਵਾਰ ਕਹਿ ਚੁੱਕੇ ਹਾਂ ਪਰ ਕੋਈ ਫਾਇਦਾ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਅੱਜ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹਣਾ ਪਿਆ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਇਨ੍ਹਾਂ ਖੋਖਿਆਂ ਦੀ ਜਗ੍ਹਾ ਨੂੰ ਨਾ ਤਬਦੀਲ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।