ਐੱਸ. ਡੀ. ਐੱਮ. ਦਫਤਰ ਅੱਗੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

02/20/2018 6:07:23 AM

ਫਗਵਾੜਾ, (ਰੁਪਿੰਦਰ ਕੌਰ)- ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਰਾਜਨ ਸੂਦ, ਵਿਪਨ ਢੱਡਾ ਅਤੇ ਇਸਤਰੀ ਵਿੰਗ ਦੀ ਦਵਿੰਦਰ ਕੌਰ, ਜੋਤੀ ਆਦਿ ਪ੍ਰਮੁੱਖ ਆਗੂਆਂ ਨੇ ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਦੇ ਦਫਤਰ ਅੱਗੇ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਦਿੰਦਿਆਂ ਰਾਜਨ ਸੂਦ ਅਤੇ ਵਿਪਨ ਢੱਡਾ ਨੇ ਕਿਹਾ ਕਿ ਅਸੀਂ ਪਿਛਲੇ 4 ਮਹੀਨਿਆਂ ਤੋਂ ਅੰਗਹੀਣਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਐੱਸ. ਡੀ. ਐੱਮ. ਨੂੰ ਲਿਖਤੀ ਰੂਪ ਵਿਚ ਮੰਗ ਪੱਤਰ ਦੇ ਰਹੇ ਹਾਂ ਪਰ ਸਰਕਾਰ ਨੇ ਸਾਡੀ ਇਕ ਵੀ ਸੱਮਸਿਆ ਦਾ ਹੱਲ ਨਹੀਂ ਕੱਢਿਆ। ਅਜੇ ਤਕ ਬਹੁਤ ਸਾਰੇ ਅੰਗਹੀਣਾਂ ਦੀਆਂ ਪੈਨਸ਼ਨਾਂ ਪਿਛਲੇ 6 ਮਹੀਨਿਆਂ ਤੋਂ ਨਹੀ ਆਈਆਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਫਤਰਾਂ ਵਿਚ ਜਾਂਦੇ ਹਾਂ ਤਾਂ ਸਾਨੂੰ ਜਵਾਬ ਮਿਲਦਾ ਹੈ ਕਿ ਤੁਸੀਂ ਕਪੂਰਥਲਾ ਜਾ ਕੇ ਆਪਣੀ ਇਨਕੁਆਰੀ (ਪੀ. ਐੱਸ. ਐੱਸ. ਸੀ. ਕਪੂਰਥਲਾ) ਦੇ ਕੇ ਆਓ। 
\ਅਸੀਂ ਪਹਿਲਾਂ ਵੀ ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਜੀ ਨੂੰ ਬੇਨਤੀ ਕੀਤੀ ਸੀ ਕਿ ਇਕ ਕਰਮਚਾਰੀ ਕਪੂਰਥਲਾ ਪੈਨਸ਼ਨ ਦਫਤਰ ਤੋਂ ਹਫਤੇ ਦੇ ਇਕ ਦਿਨ ਫਗਵਾੜਾ ਸੀ. ਡੀ. ਪੀ. ਓ. ਦਫਤਰ ਆਉਂਦਾ ਹੈ, ਜੋ ਕਿ ਸਾਰੀਆਂ ਅੰਗਹੀਣਾਂ ਦੀਆਂ ਸ਼ਿਕਾਇਤਾਂ ਕਪੂਰਥਲਾ ਲੈ ਜਾਂਦਾ ਹੈ ਅਤੇ ਅੰਗਹੀਣਾਂ, ਵਿਧਵਾ, ਬੁਢਾਪਾ ਪੈਨਸ਼ਨ ਲੈਣ ਵਾਲਿਆਂ ਨੂੰ ਕਪੂਰਥਲਾ ਨਹੀਂ ਜਾਣਾ ਪੈਂਦਾ ਸੀ। ਉਸਨੂੰ ਦੁਬਾਰਾ ਬਹਾਲ ਕੀਤਾ ਜਾਵੇ ਤਾਂ ਜੋ ਅੰਗਹੀਣਾਂ ਨੂੰ ਕਪੂਰਥਲੇ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਅੰਗਹੀਣਾਂ ਨੂੰ ਲਾਇਸੈਂਸ ਸਬੰਧੀ ਵੀ ਪ੍ਰਾਸ਼ਾਸਨ ਨੇ ਧੋਖਾ ਕੀਤਾ ਹੈ, ਜਦਕਿ ਕੁਝ ਅੰਗਹੀਣਾਂ ਨੇ ਇਕ ਹਜ਼ਾਰ ਰੁਪਏ ਕਰੀਬ ਪਿਛਲੇ ਇਕ ਸਾਲ ਤੋਂ ਜਮ੍ਹਾ ਕਰਵਾਏ ਹੋਏ ਹਨ ਪਰ ਉਨ੍ਹਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਨਾ ਹੀ ਲਾਇਸੈਂਸ ਬਣਾ ਕੇ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 3 ਦਸੰਬਰ ਵਿਸ਼ਵ ਅੰਗਹੀਣ ਦਿਵਸ ਮਨਾਉਣ ਅਤੇ ਅੰਗਹੀਣਾਂ ਨੂੰ ਪੰਜਾਬ ਅਤੇ ਕੇਂਦਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਕੈਂਪ ਲਈ ਵੀ ਐੱਸ. ਡੀ. ਐੱਮ. ਫਗਵਾੜਾ ਨੂੰ ਲਿਖਤੀ ਬੇਨਤੀ ਕੀਤੀ ਗਈ ਸੀ ਪਰ ਕੋਈ ਹੱਲ ਨਹੀਂ ਹੋਇਆ। ਜਿਸਦੇ ਰੋਸ ਵਜੋਂ ਅੱਜ ਮੁਜ਼ਾਹਰਾ ਅਤੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਵਿਪਨ ਕੁਮਾਰ, ਭਰਤ ਭੂਸ਼ਨ, ਬਲਵਿੰਦਰ ਕੁਮਾਰ, ਸਰਵਣ ਕੁਮਾਰ, ਅਸ਼ਵਨੀ, ਮੋਹਨ ਲਾਲ, ਦਵਿੰਦਰ ਕੁਮਾਰ, ਜੋਤੀ, ਪਿੰਕੀ ਰਾਣੀ ਆਦਿ ਹਾਜ਼ਰ ਸਨ।