ਪਾਣੀ ਦੀ ਸਪਲਾਈ ਠੱਪ ਹੋਣ ਤੋਂ ਦੁਖੀ ਲੋਕਾਂ ਵੱਲੋਂ ਨਾਅਰੇਬਾਜ਼ੀ

11/14/2017 6:07:27 PM

ਭਵਾਨੀਗੜ੍ਹ, (ਅੱਤਰੀ, ਵਿਕਾਸ, ਸੰਜੀਵ)—  ਪਿੰਡ ਬੀਂਬੜ ਵਿਖੇ ਪਿਛਲੇ 8 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਦੀ ਮੋਟਰ ਖਰਾਬ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਮਹਿਕਮੇ ਖਿਲਾਫ ਨਾਅਰੇਬਾਜ਼ੀ ਕੀਤੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਤਰਸੇਮ ਸਿੰਘ, ਵਾਲਮੀਕਿ ਕਮੇਟੀ ਦੇ ਪ੍ਰਧਾਨ ਕਾਕਾ ਸਿੰਘ, ਕੁਲਵੰਤ ਸਿੰਘ, ਪੱਪੀ ਸਿੰਘ, ਕਾਲਾ ਸਿੰਘ ਅਤੇ ਦੇਬਾ ਰਾਮ ਨੇ ਕਿਹਾ ਕਿ ਪਿੰਡ ਦੀ ਪੀਣ ਵਾਲੇ ਪਾਣੀ ਵਾਲੀ ਸਰਕਾਰੀ ਟੈਂਕੀ ਦੀ ਮੋਟਰ ਪਿਛਲੇ 8 ਦਿਨਾਂ ਤੋਂ ਖਰਾਬ ਹੋਣ ਕਾਰਨ ਲੋਕਾਂ ਨੂੰ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਪਿੰਡ ਦੇ ਜ਼ਿਆਦਾਤਰ ਲੋਕ ਘਰਾਂ ਵਿਚ ਪੀਣ, ਨਹਾਉਣ ਅਤੇ ਕੱਪੜੇ ਆਦਿ ਧੋਣ ਲਈ ਸਰਕਾਰੀ ਟੈਂਕੀ ਦੇ ਪਾਣੀ 'ਤੇ ਹੀ ਨਿਰਭਰ ਹਨ। ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਹੁਣ ਆਮ ਲੋਕ ਆਪਣੇ ਘਰਾਂ 'ਚ ਸਬਮਰਸੀਬਲ ਮੋਟਰ ਲਵਾਉਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਸਰਕਾਰੀ ਟੈਂਕੀ ਦੀ ਮੋਟਰ ਜਲਦੀ ਠੀਕ ਕਰਾਉਣ ਦੀ ਮੰਗ ਕੀਤੀ।
ਵਾਟਰ ਸਪਲਾਈ ਵਿਭਾਗ ਦੇ ਐੱਸ. ਡੀ. ਓ. ਬਲਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੋਟਰ ਜਲਦੀ ਠੀਕ ਕਰਵਾਉਣ ਲਈ ਜੇ. ਈ. ਨੂੰ ਕਹਿ ਦਿੱਤਾ ਗਿਆ ਹੈ। ਲੋਕਾਂ ਦੀ ਇਹ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ।