ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ

01/19/2018 4:13:46 AM

ਅਜਨਾਲਾ,   (ਫਰਿਆਦ)-  ਅੱਜ ਅਜਨਾਲਾ ਤੇ ਇਥੇ ਸਥਿਤ ਬੀ. ਡੀ. ਪੀ. ਓ. ਦਫਤਰ ਵਿਖੇ ਆਪਣਾ ਪੰਜਾਬ ਪਾਰਟੀ ਦੇ ਮਜ਼ਦੂਰ ਆਗੂ ਰੌਬਿਟ ਮਸੀਹ ਪੱਛੀਆ ਦੀ ਅਗਵਾਈ 'ਚ ਵੱਖ-ਵੱਖ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਮਨਰੇਗਾ ਸਕੀਮ ਤਹਿਤ ਕੰਮ ਨਾ ਦਿੱਤੇ ਜਾਣ ਦੇ ਰੋਸ ਵਜੋਂ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੌਬਿਟ ਮਸੀਹ ਨੇ ਕਿਹਾ ਕਿ ਪਿੰਡਾਂ 'ਚ ਇਕ ਪਾਸੇ ਲੋਕ ਕੰਮ ਨੂੰ ਤਰਸ ਰਹੇ ਹਨ ਤੇ ਦੂਜੇ ਪਾਸੇ ਮਨਰੇਗਾ ਸਕੀਮ ਤਹਿਤ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਮਨਰੇਗਾ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਗਰੀਬ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਪਿੰਡਾਂ 'ਚ ਲੋਕਾਂ ਨੂੰ ਕੰਮ ਦਿੱਤਾ ਜਾਣਾ ਜ਼ਰੂਰੀ ਕਰਨ ਦੀਆਂ ਹਦਾਇਤਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਵੱਖ-ਵੱਖ ਸਰਹੱਦੀ ਪਿੰਡਾਂ ਦੇ ਮਜ਼ਦੂਰਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਨੀਵਾਂ ਤੇੜਾ, ਬੇਦੀ ਛੰਨਾ, ਪੰਡੋਰੀ, ਪੱਛੀਆ, ਖਤਰਾਏ ਖੁਰਦ, ਬੱਲੜਵਾਲ ਆਦਿ ਪਿੰਡਾਂ ਦੇ ਵੱਡੀ ਗਿਣਤੀ 'ਚ ਪੁੱਜੇ ਮਜ਼ਦੂਰਾਂ ਦੀ ਹਾਜ਼ਰੀ 'ਚ ਬੀ. ਡੀ. ਪੀ. ਓ. ਮਨਮੋਹਨ ਸਿੰਘ ਰੰਧਾਵਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਬਾਬਾ ਸਤਨਾਮ ਸਿੰਘ, ਸਰਦੂਲ ਸਿੰਘ, ਬਲਕਾਰ ਸਿੰਘ, ਬੀਬੀ ਬਲਵਿੰਦਰ ਕੌਰ, ਬਲਜਿੰਦਰ ਸਿੰਘ ਨੇਪਾਲ, ਗੁਰਦੇਵ ਸਿੰਘ, ਭਗਵੰਤ ਕੌਰ, ਸਿਮਰਜੀਤ ਕੌਰ ਆਦਿ ਹਾਜ਼ਰ ਸਨ।