ਪੰਜਾਬ ਨਿਰਮਾਣ ਮਜ਼ਦੂਰ ਸਾਂਝਾ ਮੰਚ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

10/18/2017 12:44:43 AM

ਗੁਰਦਾਸਪੁਰ,   (ਵਿਨੋਦ, ਦੀਪਕ)- ਪੰਜਾਬ ਨਿਰਮਾਣ ਮਜ਼ਦੂਰ ਸਾਂਝਾ ਮੰਚ ਵੱਲੋਂ ਨਿਰਮਾਣ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਗੁਰੂ ਨਾਨਕ ਪਾਰਕ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਤੇ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ । ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਡੀ. ਸੀ. ਗੁਰਦਾਸਪੁਰ ਰਾਹੀਂ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ 20 ਲੱਖ ਤੋਂ ਵੱਧ ਮਜ਼ਦੂਰ ਨਿਰਮਾਣ ਉਦਯੋਗ ਅੰਦਰ ਵੱਖ-ਵੱਖ ਕੈਟਾਗਰੀਆਂ ਵਿਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕਨਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ 31-7-2017 ਤੱਕ 6, 21,770 ਉਸਾਰੀ ਕਿਰਤੀ ਹੀ ਰਜਿਸਟਰਡ ਕੀਤੇ ਗਏ ਹਨ। ਇਨ੍ਹਾਂ ਵਿਚੋਂ ਵੀ ਲਗਭਗ ਅੱਧੇ ਕਿਰਤੀ 3,54,274 ਹੀ ਲਾਈਵ ਮੈਂਬਰ ਹਨ। ਪਿਛਲੇ 9 ਸਾਲਾਂ ਅੰਦਰ ਲਗਭਗ 30 ਫੀਸਦੀ ਮਜ਼ਦੂਰ ਹੀ ਰਜਿਸਟਰਡ ਹੋਏ ਅਤੇ ਸੁਪਰੀਮ ਕੋਰਟ ਵਿਚ 318 ਆਫ 2006 ਵਿਚ ਅਨੇਕਾਂ ਫੈਸਲੇ ਆ ਚੁੱਕੇ ਹਨ ਕਿ ਦੇਸ਼ ਦੇ ਉਸਾਰੀ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਰਜਿਸਟਰਡ ਕਰ ਕੇ ਉਨ੍ਹਾਂ ਤੱਕ ਲਾਭ ਪਹੁੰਚਾਏ ਜਾਣ। ਪੰਜਾਬ ਅੰਦਰ ਆਫ-ਲਾਈਨ ਬੰਦ ਕਰ ਕੇ ਸਾਰਾ ਕੰਮ ਆਨ-ਲਾਈਨ ਸ਼ੁਰੂ ਕਰਨ ਨਾਲ ਮਜ਼ਦੂਰਾਂ ਦੀ ਔਕੜਾਂ ਹੋਰ ਵੱਧ ਗਈਆਂ ਹਨ, ਕਿਉਂਕਿ ਉਸਾਰੀ ਮਜ਼ਦੂਰਾਂ ਵਿਚ ਬਹੁਤੇ ਮਜ਼ਦੂਰ ਅਨਪੜ੍ਹ, ਪ੍ਰਵਾਸੀ ਅਤੇ ਉਨ੍ਹਾਂ ਅੰਦਰ ਕਾਨੂੰਨ ਜਾਗ੍ਰਿਤੀ ਦੀ ਬੜੀ ਘਾਟ ਹੈ। ਪੰਜਾਬ ਅੰਦਰ ਉਸਾਰੀ ਮਜ਼ਦੂਰਾਂ ਅੰਦਰ ਕੰਮ ਕਰਦੀਆਂ ਵੱਖ-ਵੱਖ ਯੂਨੀਅਨਾਂ ਅਤੇ ਐੱਨ. ਜੀ. ਓ ਨੇ ਮਿਲ ਕੇ ਪੰਜਾਬ ਉਸਾਰੀ ਮਜ਼ਦੂਰ ਸਾਂਝਾ ਮੰਚ ਬਣਾਇਆ ਹੈ। 
ਕੀ ਹਨ ਮੰਗਾਂ
ਮਜਦੂਰਾਂ ਨੇ ਮੰਗ ਕੀਤੀ ਕਿ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰੇਸ਼ਨ ਨਵੀਨੀਕਰਨ ਅਤੇ ਹਰ ਤਰ੍ਹਾਂ ਦੇ ਲਾਭ ਲੈਣ ਸਬੰਧੀ ਆਨ-ਲਾਈਨ ਦੇ ਨਾਲ–ਨਾਲ ਆਫ-ਲਾਈਨ ਵੀ ਜਾਰੀ ਰੱਖਿਆ ਜਾਵੇ, ਅੰਤਰਰਾਜੀ ਮਜ਼ਦੂਰਾਂ ਅਤੇ ਕੰਮ ਕਰਦੀਆਂ ਔਰਤਾਂ ਨੂੰ ਪਹਿਲ ਦੇ ਆਧਾਰ 'ਤੇ ਰਜਿਸਟਰਡ ਕੀਤਾ ਜਾਵੇ, ਸਬ-ਡਵੀਜ਼ਨ ਪੱਧਰ 'ਤੇ ਚੱਲ ਰਹੀਆਂ ਕਮੇਟੀਆਂ ਨੂੰ ਹਰ ਮਹੀਨੇ ਵਿਚ ਮੀਟਿੰਗ ਕਰਨ ਦੇ ਅਮਲ ਨੂੰ ਯਕੀਨੀ ਬਣਾਇਆ ਜਾਵੇ, ਮਜ਼ਦੂਰਾਂ ਦੀ ਰਜਿਸਟਰੇਸ਼ਨ/ਨਵੀਨੀਕਰਨ ਲਈ ਤਿੰਨ ਸਾਲ ਦੀ ਸ਼ਰਤ ਖਤਮ ਕੀਤੀ ਜਾਵੇ, ਰਹਿੰਦੇ ਸਾਰੇ ਨਿਰਮਾਣ ਮਜ਼ਦੂਰਾਂ ਦੀ ਰਜਿਸਟਰੇਸ਼ਨ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਚੱਲ ਰਹੀਆਂ ਭਲਾਈ ਸਕੀਮਾਂ ਦਾ ਲਾਭ ਹਰ ਨਿਰਮਾਣ ਮਜ਼ਦੂਰ ਤੱਕ ਯਕੀਨੀ ਬਣਾਇਆ ਜਾਵੇ ਆਦਿ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਕੀਤਾ ਜਾਵੇਗਾ।
ਕੌਣ-ਕੌਣ ਸਨ ਹਾਜ਼ਰ
ਇਸ ਮੌਕੇ ਅਵਤਾਰ ਸਿੰਘ ਨਾਗੀ, ਗੁਰਿੰਦਰ ਸਿੰਘ, ਬਲਬੀਰ ਰੰਧਾਵਾ, ਨੱਥਾ ਸਿੰਘ, ਧਿਆਨ ਸਿੰਘ ਠਾਕੁਰ, ਜਗੀਰ ਸਿੰਘ, ਰੂਪ ਸਿੰਘ, ਸ਼ਮਸ਼ੇਰ ਸਿੰਘ, ਪ੍ਰੇਮ ਮਸੀਹ, ਸੇਵਾ ਰਾਮ, ਅਮਰਜੀਤ ਸਿੰਘ ਸੈਣੀ, ਸੰਤੋਖ ਸਿੰਘ, ਜਸਵੰਤ ਬੁੱਟਰ, ਦਤਾਰ ਸਿੰਘ, ਸਤਨਾਮ ਸਿੰਘ, ਕੁਲਵੰਤ ਸਿੰਘ, ਸਾਧੂ ਰਾਮ ਆਦਿ ਵੀ ਹਾਜ਼ਰ ਸਨ।