ਗਲੀ 'ਚ ਖੜ੍ਹੇ ਸੀਵਰੇਜ ਦੇ ਪਾਣੀ ਤੋਂ ਅੱਕੇ ਮੁਹੱਲਾ ਵਾਸੀਆਂ ਕੀਤੀ ਨਾਅਰੇਬਾਜ਼ੀ

02/26/2018 5:19:45 AM

ਭੂੱਚੋ ਮੰਡੀ, (ਨਾਗਪਾਲ)- ਸਥਾਨਕ ਗੁਰੂ ਅਰਜਨ ਦੇਵ ਨਗਰ ਵਿਚ ਪਿੰਡ ਚੱਕ ਫਤਿਹ ਸਿੰਘ ਵਾਲਾ ਨੂੰ ਜਾਂਦੀ ਸੜਕ ਅਤੇ ਵਾਰਡ ਨੰਬਰ 9 ਦੀ ਕਨ੍ਹੱਈਆ ਲਾਲ ਵਾਲੀ ਗਲੀ ਵਿਚ ਪਿਛਲੇ ਡੇਢ ਮਹੀਨੇ ਤੋਂ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਅੱਕੇ ਮੁਹੱਲਾ ਵਾਸੀਆਂ ਨੇ ਨਾਅਰੇਬਾਜ਼ੀ ਕਰ ਕੇ ਆਪਣੀ ਭੜਾਸ ਕੱਢੀ। ਮੁਹੱਲਾ ਵਾਸੀ ਲਖਬੀਰ ਸਿੰਘ ਲੱਖਾ, ਕਨ੍ਹੱਈਆ ਲਾਲ, ਸਿਕੰਦਰ ਸਿੰਘ, ਹਰਮੀਤ ਸਿੰਘ, ਸੰਤੋਸ਼ ਰਾਣੀ, ਬੂਟਾ ਸਿੰਘ, ਅਵਤਾਰ ਸਿੰਘ ਤਾਰੀ, ਬੇਅੰਤ ਸਿੰਘ ਅਤੇ ਬੱਬੂ ਨੇ ਦੱਸਿਆ ਕਿ ਗੰਦੇ ਪਾਣੀ 'ਚ ਆਉਂਦੀ ਬਦਬੂ ਕਾਰਨ ਘਰਾਂ ਵਿਚ ਰਹਿਣਾ ਮੁਸ਼ਕਲ ਹੋ ਗਿਆ ਹੈ ਪਰ ਸੀਵਰੇਜ ਵਿਭਾਗ ਦੇ ਅਧਿਕਾਰੀ ਕੰਨਾਂ ਵਿਚ ਕੌੜਾ ਤੇਲ ਪਾ ਕੇ ਸੁੱਤੇ ਪਏ ਹਨ। ਗਲੀ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਬੀਮਾਰੀਆਂ ਫੈਲ ਰਹੀਆਂ ਹਨ। ਪਾਣੀ ਮਕਾਨਾਂ ਦੀਆਂ ਨੀਂਹਾਂ 'ਚ ਦਾਖਲ ਹੋ ਰਿਹਾ ਹੈ। ਇਸ ਨਾਲ ਮਕਾਨਾਂ ਦੀਆਂ ਕੰਧਾਂ ਨੂੰ ਨੁਕਸਾਨ ਪੁੱਜ ਰਿਹਾ ਹੈ। 
ਉਨ੍ਹਾਂ ਕਿਹਾ ਕਿ ਇਕ ਪਾਸੇ ਸਵੱਛਤਾ ਮੁਹਿੰਮ ਰਾਹੀਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਦੂਜੇ ਪਾਸੀ ਮੁਹੱਲਾ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। 
ਉਨ੍ਹਾਂ ਮੰਗ ਕੀਤੀ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਲਈ ਠੋਸ ਕਦਮ ਚੁੱਕੇ ਜਾਣ, ਨਹੀਂ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ।