ਸਫਾਈ ਸੇਵਕਾਂ ਵੱਲੋਂ ਨਾਅਰੇਬਾਜ਼ੀ

11/17/2017 1:46:01 AM

ਬਾਘਾਪੁਰਾਣਾ,   (ਚਟਾਨੀ)-  ਆਰਥਿਕ ਤੰਗੀਆਂ ਨਾਲ ਦੋ ਹੱਥ ਕਰਦੇ ਆ ਰਹੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਆਪਣੀ ਤਨਖਾਹ ਨਾ ਮਿਲਣ ਦਾ ਰੋਣਾ ਰੋਂਦਿਆਂ ਅੱਜ ਨਗਰ ਕੌਂਸਲ ਦੇ ਦਫਤਰ ਅੱਗੇ ਗੇਟ ਰੈਲੀ ਕਰਦਿਆਂ ਕੌਂਸਲ ਦੇ ਅਧਿਕਾਰੀਆਂ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਮੇਂ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸਤਪ੍ਰਕਾਸ਼, ਮੋਤੀ ਰਾਮ, ਪੱਪੂ ਸਿੰਘ ਅਤੇ ਜਵਾਹਰ ਲਾਲ ਨੇ ਕਿਹਾ ਕਿ ਪਿਛਲੇ ਡੇਢ ਮਹੀਨਿਆਂ ਤੋਂ ਸਫਾਈ ਸੇਵਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਪਰਿਵਾਰਾਂ ਦਾ ਗੁਜ਼ਾਰਾ ਮੁਸ਼ਕਿਲ ਹੋਇਆ ਪਿਆ ਹੈ, ਇੱਥੋਂ ਤੱਕ ਕਿ ਬੱਚਿਆਂ ਦੀਆਂ ਸਕੂਲ ਫੀਸਾਂ, ਬਿਜਲੀ ਬਿੱਲਾਂ ਦੀ ਅਦਾਇਗੀ ਅਤੇ ਨਿੱਤ ਲੋੜੀਂਦੀਆਂ ਵਸਤੂਆਂ ਖੁਣੋਂ ਰਸੋਈਆਂ ਖਾਲੀ ਪਈਆਂ ਹਨ। 
ਪ੍ਰਧਾਨ ਸਮੇਂ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਰਜਸਾਧਕ ਅਫ਼ਸਰ ਨੂੰ ਦੋ ਵਾਰ ਲਿਖਤੀ ਰੂਪ 'ਚ ਮੰਗ-ਪੱਤਰ ਵੀ ਦਿੱਤਾ ਗਿਆ ਹੈ ਪਰ ਸਬੰਧਤ ਅਧਿਕਾਰੀ ਵੱਲੋਂ ਤਨਖਾਹਾਂ ਦੀ ਅਦਾਇਗੀ ਸਬੰਧੀ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਜਬੂਰ ਹੋ ਕੇ ਅੱਜ ਸਫਾਈ ਸੇਵਕਾਂ ਨੇ ਗੇਟ ਰੈਲੀ ਕਰਨ ਦਾ ਫੈਸਲਾ ਲਿਆ ਹੈ। ਇਸ ਦੌਰਾਨ ਮੰਗ ਕੀਤੀ ਗਈ ਕਿ ਜੇਕਰ ਕੱਚੇ ਅਤੇ ਪੱਕੇ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਦੀ ਅਦਾਇਗੀ ਤੇ ਹੋਰ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਮੰਗਲਦਾਸ, ਮਹੇਸ਼ ਕੁਮਾਰ, ਦਲੀਪ ਕੁਮਾਰ, ਰਮੇਸ਼, ਦੀਨ ਦਿਆਲ, ਮੁਲਖਰਾਜ, ਰਾਜ ਕੁਮਾਰ ਆਦਿ ਨੇ ਰੈਲੀ ਨੂੰ ਸੰਬੋਧਨ ਕੀਤਾ।