ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ; ਰੇਲਵੇ ਰੋਡ ਦੇ ਦੁਕਾਨਦਾਰਾਂ ਦਾ ਜੀਵਨ ਔਕੜਾਂ ਭਰਿਆ

07/18/2018 5:57:43 AM

ਬੱਸੀ ਪਠਾਣਾਂ, (ਰਾਜਕਮਲ)- ਸੀਵਰੇਜ ਵਿਭਾਗ ਦੀ ਲਾਪ੍ਰਵਾਹੀ ਅਤੇ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ  ਕਾਰਨ ਬੱਸੀ ਪਠਾਣਾਂ ਰੇਲਵੇ ਰੋਡ ਦੇ ਦੁਕਾਨਦਾਰ ਜਿਥੇ ਨਰਕ ਭਰਿਆ ਜੀਵਨ ਜਿਊਂਦੇ ਹੋਏ ਸਰਕਾਰ ਨੂੰ ਕੋਸ ਰਹੇ ਹਨ, ਉਥੇ ਇਸ ਰੋਡ ਤੋਂ ਲੰਘਣ ਵਾਲੇ ਰੇਲ ਯਾਤਰੂਆਂ, ਸੀ. ਡੀ. ਪੀ. ਓ. ਦਫ਼ਤਰ ਜਾਣ ਵਾਲੇ ਲਾਭਪਾਤਰੀਆਂ ਅਤੇ ਇਸ ਰੋਡ ’ਤੇ ਮੌਜੂਦ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਪ੍ਰਸ਼ਾਸਨਿਕ ਅਧਿਕਾਰੀ ਅੱਖਾਂ ਬੰਦ ਕਰ ਕੇ ਕਿਸੇ ਅਣਸੁਖਾਵੀਂ ਘਟਨਾ ਦਾ ਇੰਤਜ਼ਾਰ ਕਰ ਰਹੇ ਹਨ। 
ਕੀ ਕਹਿੰਦੇ ਹਨ ਦੁਕਾਨਦਾਰ? 
ਇਸ ਰੋਡ ’ਤੇ ਸਥਿਤ ਦੁਕਾਨਦਾਰਾਂ ਗੁਰਦਰਸ਼ਨ ਸਿੰਘ, ਜਗਜੀਤ ਸਿੰਘ, ਵਿਸ਼ਾਲ ਸਿੰਗਲਾ, ਰਮੇਸ਼ ਸਿੰਘ, ਗੁਰਦੀਪ ਸਿੰਘ, ਸ਼ਿਵ ਕੁਮਾਰ, ਪੱਪੂ ਆਦਿ ਨੇ ਸਰਕਾਰ ਅਤੇ ਸੀਵਰੇਜ ਵਿਭਾਗ ਦੇ ਖਿਲਾਫ਼ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਲਗਭਗ 3 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜਸਟਿਸ ਨਿਰਮਲ ਸਿੰਘ ਵਲੋਂ ਇਸ ਰੋਡ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਭ ਤੋਂ ਪਹਿਲਾਂ ਸੀਵਰੇਜ ਦਾ ਕੰਮ ਇਸ ਰੋਡ ਤੋਂ ਸ਼ੁਰੂ ਕਰਵਾਇਆ ਸੀ ਪਰ ਪਿਛਲੇ ਲੰਮੇ ਸਮੇ ਤੋਂ ਸੀਵਰੇਜ ਵਿਭਾਗ ਵਲੋਂ ਇਸ ਰੋਡ ’ਤੇ ਪਾਈਪਾਂ ਪਾਉਣ ਤੋਂ ਬਾਅਦ ਇਸ ਰੋਡ ਦੀ ਸੁਧ ਨਹੀਂ ਲਈ ਗਈ ਅਤੇ ਨਾ ਹੀ ਇਸ ਰੋਡ ਨੂੰ ਪੱਕਾ ਕਰਵਾਉਣ ਦੀ ਜ਼ਿੰਮੇਵਾਰੀ ਸਮਝੀ ਗਈ, ਜਿਸ ਕਾਰਨ ਇਸ ਰੋਡ  ਦੇ ਦੁਕਾਨਦਾਰ, ਹਸਪਤਾਲ ਸੰਚਾਲਕ, ਸੀ. ਡੀ. ਪੀ. ਓ. ਦਫ਼ਤਰ  ਨੂੰ ਆਉਣ ਵਾਲੇ ਕਰਮਚਾਰੀ ਬੜੇ ਔਖੇ ਹਨ।
 ਉਕਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰੋਡ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕਰਵਾਇਆ। ਗੰਦੇ ਪਾਣੀ ਨਾਲ ਭਿਆਨਕ ਬੀਮਾਰੀ ਫੈਲਣ ਦਾ ਡਰ ਸਤਾਉਂਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਇਸ ਰੋਡ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਹਨ ਰੋਡ ’ਤੇ ਹੀ  ਰੁਕ ਜਾਂਦੇ ਹਨ, ਜਿਸ ਕਾਰਨ ਮੇਨ ਰੋਡ ਨਾਲ ਹੋਣ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋਣ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ। ਲੋਕਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ।
 ਕੀ ਕਹਿਣਾ ਹੈ ਸੀਵਰੇਜ ਵਿਭਾਗ ਦਾ? 
ਜਦੋਂ ਇਹ ਮਾਮਲਾ ਵਿਭਾਗ ਦੇ ਨਵ-ਨਿਯੁਕਤ ਐੱਸ. ਡੀ. ਓ. ਦੀਪਕ ਕੁਮਾਰ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਵੀ ਹੈਰਾਨੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜੁਆਇਨਿੰਗ ਹਾਲੇ ਇਕ ਮਹੀਨਾ ਪਹਿਲਾਂ ਹੀ ਹੋਈ ਹੈ। ਉਹ ਅੱਜ ਹੀ ਇਸ ਸਬੰਧੀ ਜਾਂਚ ਕਰ ਕੇ  ਇਸ  ਸਮੱਸਿਆ ਦਾ ਹੱਲ ਕਰਵਾਉਣਗੇ।