ਮੋਦੀ ਕੈਬਨਿਟ ''ਚ ਸ਼ਾਮਲ ਹੋਈਆਂ 6 ਮਹਿਲਾਵਾਂ

05/30/2019 10:49:49 PM

ਨਵੀਂ ਦਿੱਲੀ: ਮੋਦੀ ਕੈਬਨਿਟ 'ਚ ਇਸ ਵਾਰ 6 ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਲੋਕ ਸਭਾ 'ਚ ਇਸ ਵਾਰ ਰਿਕਾਰਡ ਗਿਣਤੀ 'ਚ ਔਰਤਾਂ ਦੇ ਜਿੱਤਣ ਦੇ ਬਾਵਜੂਦ ਮੋਦੀ ਸਰਕਾਰ 'ਚ ਉਨ੍ਹਾਂ ਦੀ ਪ੍ਰਤੀਨਿਧਤਾ ਘਟੀ ਹੈ। ਪਿਛਲੀ ਮੋਦੀ ਸਰਕਾਰ 'ਚ 9 ਔਰਤਾਂ ਮੰਤਰੀ ਸਨ ਪਰ ਇਸ ਵਾਰ ਸਿਰਫ 6 ਔਰਤਾਂ ਨੂੰ ਹੀ ਮੰਤਰੀ ਬਣਾਇਆ ਗਿਆ ਹੈ। ਇੰਝ ਨਵੇਂ ਮੰਤਰੀ ਮੰਡਲ 'ਚ ਔਰਤਾਂ ਦੀ ਗਿਣਤੀ ਪਿਛਲੀ ਵਾਰ ਨਾਲੋਂ 3 ਘੱਟ ਗਈ ਹੈ।
ਇਸ ਵਾਰ ਨਿਰਮਲਾ ਸੀਤਾਰਮਨ, ਹਰਸਿਮਰਤ ਕੌਰ ਬਾਦਲ ਤੇ ਸਮ੍ਰਿਤੀ ਈਰਾਨੀ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਪਿਛਲੀ ਵਾਰ ਵੀ ਇਹ ਤਿੰਨੋਂ ਕੈਬਨਿਟ ਮੰਤਰੀ ਸਨ। ਪਿਛਲੀ ਸਰਕਾਰ 'ਚ ਸੁਸ਼ਮਾ ਸਵਰਾਜ, ਉਮਾ ਭਾਰਤੀ ਤੇ ਮੇਨਕਾ ਗਾਂਧੀ ਕੈਬਨਿਟ ਮੰਤਰੀ ਸਨ, ਜਿਨ੍ਹਾਂ ਨੂੰ ਇਸ ਵਾਰ ਮੰਤਰੀ ਨਹੀਂ ਬਣਾਇਆ ਗਿਆ। ਇਨ੍ਹਾਂ ਵਿਚੋਂ ਸੁਸ਼ਮਾ ਸਵਰਾਜ ਅਤੇ ਉਮਾ ਭਾਰਤੀ ਨੇ ਚੋਣ ਨਹੀਂ ਲੜੀ ਸੀ, ਜਦਕਿ ਮੇਨਕਾ ਸੁਲਤਾਨਪੁਰ ਤੋਂ ਚੋਣ ਜਿੱਤ ਕੇ 8ਵੀਂ ਵਾਰ ਲੋਕ ਸਭਾ ਵਿਚ ਪੁੱਜੀ ਹੈ।
ਪਿਛਲੀ ਸਰਕਾਰ ਵਿਚ ਸਾਧਵੀ ਨਿਰੰਜਣ ਜੋਤੀ, ਕ੍ਰਿਸ਼ਨਾ ਰਾਜ ਅਤੇ ਅਨੁਪ੍ਰਿਯਾ ਪਟੇਲ ਰਾਜ ਮੰਤਰੀ ਸਨ। ਇਸ ਵਾਰ ਵੀ ਤਿੰਨ ਔਰਤਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਇਨ੍ਹਾਂ ਵਿਚ ਸਾਧਵੀ ਨਿਰੰਜਣ ਜੋਤੀ ਦੂਜੀ ਵਾਰ ਮੰਤਰੀ ਬਣੀ ਹੈ, ਜਦਕਿ ਛੱਤੀਸਗੜ੍ਹ ਤੋਂ ਰੇਣੂਕਾ ਸਿੰਘ ਅਤੇ ਪੱਛਮੀ ਬੰਗਾਲ ਤੋਂ ਦੇਵਾਸ਼੍ਰੀ ਚੌਧਰੀ ਪਹਿਲੀ ਵਾਰ ਮੰਤਰੀ ਬਣੀ ਹੈ। ਦੋਵੇਂ ਪਹਿਲੀ ਵਾਰ ਹੀ ਲੋਕ ਸਭਾ ਵਿਚ ਪੁੱਜੀਆਂ ਹਨ।