ਜੇਲ੍ਹ ’ਚ ਬੰਦ ਗੈਂਗਸਟਰਾਂ ਦੇ ਟਿਕਾਣਿਆਂ ਤੋਂ ਛੇ ਪਿਸਤੌਲਾਂ ਬਰਾਮਦ, ਲਖਬੀਰ ਰੋਡੇ ਨੇ ਭੇਜੀ ਸੀ ਹਥਿਆਰਾਂ ਦੀ ਖੇਪ

10/14/2022 6:37:38 PM

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਸ ਵੱਲੋਂ ਅੱਜ ਜੇਲ੍ਹ ’ਚ ਬੰਦ ਦੋ ਗੈਂਗਸਟਰਾਂ ਵੱਲੋਂ ਦੱਸੇ ਵੱਖ-ਵੱਖ ਟਿਕਾਣਿਆਂ ਤੋਂ ਦੋ ਵਿਦੇਸ਼ੀ ਪਿਸਤੌਲਾਂ ਸਮੇਤ ਛੇ ਪਿਸਤੌਲ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਆਸਟ੍ਰੀਆ ਦਾ ਬਣਿਆ 9 ਐੱਮ.ਐੱਮ. ਗਲੌਕ ਪਿਸਤੌਲ, ਚੀਨ ਦਾ ਬਣਿਆ ਸੀ. ਐੱਫ-98 ਪਿਸਤੌਲ ਅਤੇ ਚਾਰ ਦੇਸੀ .315 ਬੋਰ ਦੇ ਪਿਸਤੌਲਾਂ ਸਮੇਤ 12 ਜਿੰਦਾ ਕਾਰਤੂਸ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀ.ਆਈ.ਜੀ.) ਰੋਪੜ ਰੇਂਜ-ਕਮ-ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਰਨਜੋਤ ਸਿੰਘ ਉਰਫ਼ ਤੰਨਾ ਨੂੰ ਥਾਣਾ ਸਰਹਿੰਦ ਵਿਖੇ ਧਾਰਾ 384, 120ਬੀ ਅਤੇ 25/54/59 ਤਹਿਤ ਦਰਜ ਐੱਫ. ਆਈ. ਆਰ ਨੰਬਰ 117 ਮਿਤੀ 29.07.2022 ਵਿਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਤੰਨਾ ਨੂੰ ਪਾਕਿਸਤਾਨ ਸਥਿਤ ਆਈ. ਐੱਸ. ਵਾਈ. ਐੱਫ ਦੇ ਮੁਖੀ ਲਖਬੀਰ ਸਿੰਘ ਰੋਡੇ ਉਰਫ਼ ਬਾਬਾ ਵੱਲੋਂ ਸਰਹੱਦ ਪਾਰੋਂ ਭੇਜੀ 11 ਆਧੁਨਿਕ ਹਥਿਆਰਾਂ ਦੀ ਖੇਪ ਮਿਲੀ ਸੀ, ਜਿਸ ਵਿਚੋਂ ਪੁਲਸ ਨੇ 9 ਹਥਿਆਰ ਬਰਾਮਦ ਕੀਤੇ ਹਨ ਅਤੇ ਦੋ ਅਜੇ ਵੀ ਉਸ ਕੋਲ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਉਪਰੰਤ ਲੋਪੋਕੇ, ਅੰਮ੍ਰਿਤਸਰ ਵਿਚ ਉਸਦੇ ਦੋਸਤ ਦੇ ਘਰੋਂ ਇਕ ਸੀ. ਐੱਫ-98 ਪਿਸਤੌਲ ਅਤੇ ਦੋ .315. ਬੋਰ ਦੇ ਪਿਸਤੌਲ ਬਰਾਮਦ ਕੀਤੇ ਗਏ। 

ਇਹ ਵੀ ਪੜ੍ਹੋ : ਮਾਛੀਵਾੜਾ ਪੁਲਸ ਨੇ ਫਰਜ਼ੀ ਡੀ. ਐੱਸ. ਪੀ. ਕੀਤਾ ਗ੍ਰਿਫ਼ਤਾਰ, ਕਰਤੂਤਾਂ ਜਾਣ ਉੱਡਣਗੇ ਹੋਸ਼

ਐੱਸ. ਐੱਸਪੀ. ਫ਼ਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਤਰਨਜੋਤ ਤੰਨਾ ਦੇ ਖੁਲਾਸੇ 'ਤੇ ਪੁਲਸ ਵੱਲੋਂ ਕਪੂਰਥਲਾ ਜੇਲ੍ਹ ਤੋਂ ਇਕ ਹੋਰ ਗੈਂਗਸਟਰ ਜਸਪਾਲ ਸਿੰਘ ਉਰਫ਼ ਜੱਸੀ ਨੂੰ ਵੀ ਲਿਆਂਦਾ ਗਿਆ ਅਤੇ ਹੁਸ਼ਿਆਰਪੁਰ ਤੋਂ ਉਸਦੇ ਇਕ ਸਾਥੀ ਲਾਡੀ ਦੇ ਘਰੋਂ ਦੋ ਦੇਸੀ ਪਿਸਤੌਲਾਂ ਸਮੇਤ ਬਾਕੀ ਰਹਿੰਦਾ ਗਲੌਕ ਪਿਸਤੌਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਨਾਲ ਸੀ. ਆਈ. ਏ. ਫਤਿਹਗੜ੍ਹ ਸਾਹਿਬ ਦੀ ਟੀਮ ਨੇ ਲਖਬੀਰ ਰੋਡੇ ਵੱਲੋਂ ਪਾਕਿਸਤਾਨ ਤੋਂ ਭੇਜੀ ਗਈ ਹਥਿਆਰਾਂ ਦੀ ਖੇਪ ਵਿਚ ਸ਼ਾਮਲ ਸਾਰੇ ਹਥਿਆਰਾਂ ਨੂੰ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲਾਰੈਂਸ, ਜੱਗੂ ਤੋਂ ਪੁੱਛਗਿੱਛ ਤੋਂ ਬਾਅਦ ਇਕ ਹੋਰ ਵੱਡੀ ਤਿਆਰੀ ’ਚ ਪੁਲਸ

ਦੱਸਣਯੋਗ ਹੈ ਕਿ ਤਰਨਜੋਤ ਤੰਨਾ ਦਾ ਨਾਂ ਹਾਲ ਹੀ ਵਿਚ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਇਕ ਫਿਰੌਤੀ ਕੇਸ ਵਿੱਚ ਵੀ ਸਾਹਮਣੇ ਆਇਆ ਸੀ, ਜਿਸ ਵਿਚ ਗੋਲਡੀ ਬਰਾੜ, ਮਨਪ੍ਰੀਤ ਉਰਫ਼ ਮੰਨਾ ਅਤੇ ਤਰਨਜੋਤ ਉਰਫ਼ ਤੰਨਾ ਨੇ ਬਠਿੰਡਾ ਦੇ ਇਕ ਕਾਰੋਬਾਰੀ ਤੋਂ ਫਿਰੌਤੀ ਲਈ ਸੀ। ਇਸ ਮਾਮਲੇ ਵਿਚ ਦਿੱਲੀ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਸ਼ੂਟਰਾਂ ਨੇ ਤੰਨਾ ਦਾ ਨਾਂ ਉਜਾਗਰ ਕੀਤਾ ਸੀ। ਜ਼ਿਕਰਯੋਗ ਹੈ ਕਿ ਸਰਹੱਦ ਪਾਰ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।    

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਫਿਰ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh