ਵੱਖ-ਵੱਖ ਸੜਕ ਹਾਦਸਿਆਂ ''ਚ 6 ਜ਼ਖਮੀ

01/20/2018 1:05:05 AM

ਬਟਾਲਾ, (ਸੈਂਡੀ)- ਬਟਾਲਾ ਵਿਖੇ ਹੋਏ ਵੱਖ-ਵੱਖ ਸੜਕ ਹਾਦਸਿਆਂ 'ਚ ਔਰਤ ਸਣੇ 2 ਜਣੇ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਬੀਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਗੋਬਿੰਦ ਨਗਰ ਬਟਾਲਾ ਸੜਕ ਪਾਰ ਕਰ ਰਹੀ ਸੀ ਕਿ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਗਈ। ਇਸੇ ਤਰ੍ਹਾਂ ਜਲੰਧਰ ਰੋਡ 'ਤੇ 2 ਮੋਟਰਸਾਈਕਲ ਸਵਾਰ ਜਾ ਰਹੇ ਸੀ ਕਿ ਅੱਗਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ।
ਬਟਾਲਾ, (ਸੈਂਡੀ)- ਡੇਰਾ ਰੋਡ 'ਤੇ ਤਾਰਾਗੜ੍ਹ ਅੱਡੇ 'ਚ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। 108 ਐਂਬੂਲੈਂਸ ਦੇ ਈ. ਐੱਮ. ਟੀ. ਬਲਰਾਜ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੱਡਾ ਤਾਰਾਗੜ੍ਹ 'ਚ ਇਕ ਵਿਅਕਤੀ ਸੜਕ ਪਾਰ ਕਰਨ ਲੱਗਾ ਤਾਂ ਕਿਸੇ ਵਾਹਨ ਨੇ ਇਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਗਿਆ। ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਤੇ ਜ਼ਖਮੀ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਵਿਅਕਤੀ ਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਹ ਬੇਹੋਸ਼ ਸੀ, ਇਸ ਲਈ ਉਸ ਦੀ ਪਛਾਣ ਨਹੀਂ ਹੋ ਸਕੀ।
ਬਟਾਲਾ, (ਸੈਂਡੀ)- ਬਟਾਲਾ ਨੇੜੇ ਹੋਏ ਸੜਕ ਹਾਦਸਿਆਂ 'ਚ 2 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸੈਦਵਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਜਦੋਂ ਆਪਣੇ ਪਿੰਡ ਨੇੜੇ ਪਹੁੰਚਿਆ ਤਾਂ ਅਚਾਨਕ ਅੱਗੇ ਇਕ ਜਾਨਵਰ ਆ ਗਿਆ, ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸੇ ਤਰ੍ਹਾਂ ਜੋਗਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਬਦਲਾ ਜ਼ਿਲਾ (ਅੰਮ੍ਰਿਤਸਰ) ਬੀਤੇ ਕੱਲ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਬਟਾਲਾ ਡੇਰਾ ਰੋਡ 'ਤੇ ਅੱਗਿਓਂ ਆ ਰਹੀ ਇਕ ਮੋਪੇਡ ਨਾਲ ਟਕਰਾਅ ਗਿਆ ਤੇ ਜ਼ਖਮੀ ਹੋ ਗਿਆ।