ਵੱਖ-ਵੱਖ ਸੜਕ ਹਾਦਸਿਆਂ ''ਚ 6 ਜ਼ਖ਼ਮੀ

11/22/2017 1:45:43 AM

ਟਾਂਡਾ ਉੜਮੁੜ, (ਪੰਡਿਤ)- ਬੀਤੀ ਦੇਰ ਸ਼ਾਮ ਇਲਾਕੇ ਵਿਚ ਹੋਏ ਤਿੰਨ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਬੱਚੇ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ। ਟਾਂਡਾ-ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਪਿੰਡ ਬੈਂਸ ਅਵਾਣ ਨਜ਼ਦੀਕ ਬੀਤੀ ਦੇਰ ਸ਼ਾਮ ਇਕ ਸੈਂਟਰੋ ਕਾਰ ਦੇ ਘੜੁੱਕੇ ਵਿਚ ਟਕਰਾਉਣ 'ਤੇ ਕਾਰ ਵਿਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਜਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਨਿਰੰਜਣ ਸਿੰਘ ਦੋਨੋਂ ਨਿਵਾਸੀ ਬੱਲਾ (ਟਾਹਲੀ) ਅਤੇ ਰਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਜਗਾਧਰੀ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਵਿਚ ਮੁੱਢਲੀ ਸਹਾਇਤਾ ਉਪਰੰਤ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਟਾਂਡਾ ਪੁਲਸ ਨੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਘੜੁੱਕੇ ਵਾਲੇ ਦਾ ਪਤਾ ਨਹੀਂ ਲੱਗ ਸਕਿਆ। 
ਇਸੇ ਤਰ੍ਹਾਂ ਟਾਂਡਾ ਦੇ ਫਲਾਈਓਵਰ ਬ੍ਰਿਜ ਨਜ਼ਦੀਕ ਰਿਕਸ਼ੇ ਨਾਲ ਟਕਰਾ ਕੇ ਮੋਟਰਸਾਈਕਲ ਸਵਾਰ ਰਾਜਾ ਪੁੱਤਰ ਰਾਜੇਸ਼ ਭੱਲਾ ਅਤੇ ਪਰੂ ਪੁੱਤਰ ਦਿਨੇਸ਼ ਭੱਲਾ ਨਿਵਾਸੀ ਓਹਰੀ ਚੌਕ ਮੁਲਤਾਨੀ ਮੁਹੱਲਾ ਬਟਾਲਾ ਜ਼ਖ਼ਮੀ ਹੋ ਗਏ। ਬੀਤੀ ਸ਼ਾਮ ਹੀ ਅਹੀਆਪੁਰ ਨਜ਼ਦੀਕ ਬੋਲੈਰੋ ਗੱਡੀ ਦੀ ਲਪੇਟ ਵਿਚ ਆ ਕੇ ਰਾਜੂ ਪੁੱਤਰ ਮੁਲਤਾਨੀ ਨਿਵਾਸੀ ਅਹੀਆਪੁਰ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।