ਬੇਅਦਬੀ ਤੇ ਬਹਿਬਲ ਕਲਾਂ ਕਾਂਡ ''ਤੇ ਐੱਸ. ਆਈ. ਟੀ. ਦੀ ਜਾਂਚ ਤੇਜ਼, ਦਰਜ ਕੀਤੇ ਬਿਆਨ

10/16/2018 1:17:53 PM

ਫਰੀਦਕੋਟ (ਜਗਤਾਰ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਦੇ ਮਾਮਲੇ ਦੀ ਪੜਤਾਲ ਲਈ ਪੰਜਾਬ ਸਰਕਾਰ ਵਲੋਂ ਬਣਾਈ ਗਈ ਐੱਸ. ਆਈ. ਟੀ. (ਸਪੈਸ਼ਲ ਜਾਂਚ ਟੀਮ) ਨੇ ਜਾਂਚ ਤੇਜ਼ ਕਰ ਦਿੱਤੀ ਹੈ। ਜਿਸ ਦੇ ਚੱਲਦੇ ਮੰਗਲਵਾਰ ਨੂੰ ਐੱਸ. ਆਈ. ਟੀ. ਵਲੋਂ ਪੁਲਸ ਚੌਕੀ ਬਰਗਾੜੀ ਵਿਖੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਗਏ। ਇਸ ਮੌਕੇ ਕੋਟਕਪੂਰਾ ਚੌਕ ਵਿਚ ਗੋਲੀ ਕਾਂਡ ਦੌਰਾਨ ਜ਼ਖਮੀ ਹੋਏ ਲੋਕਾਂ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਅਤੇ ਉਸ ਸਮੇਂ ਦਾ ਪੂਰਾ ਹਾਲ ਵੀ ਬਿਆਨ ਕੀਤਾ। 


ਜਾਣਕਾਰੀ ਦਿੰਦੇ ਹੋਏ ਐੱਸ. ਆਈ. ਟੀ. ਦੇ ਮੈਂਬਰ ਤੇ ਕਪੂਰਥਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ ਚਸ਼ਮਦੀਦ ਗਵਾਹਾਂ ਤੇ ਆਮ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਦੋ ਦਿਨ ਲਗਾਤਾਰ ਬਰਗਾੜੀ ਵਿਚ ਬਿਆਨ ਦਰਜ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਫਰੀਦਕੋਟ ਹੈੱਡਕੁਆਰਟਰ ਵਿਖੇ ਵੀ ਬਿਆਨ ਦਰਜ ਕਰਵਾਏ ਜਾ ਸਕਦੇ ਹਨ।