ਭੈਣ ਦਾ ਕਾਰਾ : 4 ਹਜ਼ਾਰ ਰੁਪਏ ਲਈ ਰਾਜਸਥਾਨ ''ਚ ਵੇਚੀ ਆਪਣੀ ਨਾਬਾਲਗ ਭੈਣ

10/19/2019 5:25:29 PM

ਲੁਧਿਆਣਾ (ਗੌਤਮ) : ਮੋਗਾ ਸ਼ਹਿਰ ਦੀ ਰਹਿਣ ਵਾਲੀ 9ਵੀਂ ਕਲਾਸ ਦੀ 13 ਸਾਲਾ ਲੜਕੀ ਨੂੰ ਉਸ ਦੀ ਫੁਫੇਰੀ ਭੈਣ ਰਾਜਸਥਾਨ ਦੇ 45 ਸਾਲ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਲਈ ਵਰਗਲਾ ਕੇ ਲੈ ਗਈ। ਨਾਬਾਲਗਾ ਹੋਣ ਕਾਰਨ ਰਾਜਸਥਾਨ ਦੇ ਵਿਅਕਤੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਫੁਫੇਰੀ ਭੈਣ ਨਾਬਾਲਗਾ ਨੂੰ ਲੈ ਕੇ ਵਾਪਸ ਆ ਗਈ ਅਤੇ ਵੇਚਣ ਲਈ ਨਾਬਾਲਗਾ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਛੱਡ ਕੇ ਭੱਜ ਗਈ, ਜਿਸ ਨੂੰ ਆਰ. ਪੀ. ਐੱਫ. ਦੀ ਟੀਮ ਨੇ ਬਰਾਮਦ ਕਰ ਕੇ ਮੋਗਾ ਪੁਲਸ ਦੇ ਹਵਾਲੇ ਕਰ ਦਿੱਤਾ। ਮੋਗਾ ਪੁਲਸ ਨੇ ਨਾਬਾਲਗਾ ਦੇ ਮਾਤਾ-ਪਿਤਾ ਦੀ ਸ਼ਿਕਾÎਇਤ 'ਤੇ ਕਾਰਵਾਈ ਕਰਨ ਤੋਂ ਬਾਅਦ ਸਮਝੌਤਾ ਕਰਵਾ ਕੇ ਮਾਮਲਾ ਰਫਾ-ਦਫਾ ਕਰ ਦਿੱਤਾ। ਜਦੋਂਕਿ ਨਾਬਾਲਗਾ ਦੇ ਮਾਂ-ਬਾਪ ਨੇ ਬੱਚੀ ਨੂੰ ਅਗਵਾ ਕਰ ਕੇ ਵੇਚਣ ਦੇ ਦੋਸ਼ 'ਚ ਸ਼ਿਕਾਇਤ ਕੀਤੀ ਸੀ ਅਤੇ ਬੱਚੀ ਨੇ ਲੁਧਿਆਣਾ 'ਚ ਕਾਰਵਾਈ ਦੌਰਾਨ ਵੀ ਵੇਚਣ ਦੀ ਗੱਲ ਕਹੀ।

ਇੰਸ. ਅਨਿਲ ਕੁਮਾਰ ਨੇ ਦੱਸਿਆ ਕਿ ਨਾਬਾਲਗਾ ਜਦੋਂ ਰੇਲਵੇ ਸਟੇਸ਼ਨ 'ਤੇ ਲਾਵਾਰਸ ਹਾਲਤ 'ਚ ਘੁੰਮ ਰਹੀ ਸੀ ਤਾਂ ਗਸ਼ਤ ਕਰ ਰਹੀ ਟੀਮ ਨੇ ਉਸ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ। ਨਾਬਾਲਗਾ ਨੂੰ ਕੌਂਸਲਿੰਗ ਲਈ ਰੇਲਵੇ ਚਾਈਲਡ ਲਾਈਨ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਦੀ ਟੀਮ ਦੇ ਹਵਾਲੇ ਕਰ ਦਿੱਤਾ। ਕੌਂਸਲਿੰਗ ਦੌਰਾਨ ਨਾਬਾਲਗਾ ਨੇ ਦੱਸਿਆ ਕਿ ਉਹ ਜਲਦ ਤੋਂ ਜਲਦ ਆਪਣੇ ਮਾਂ-ਬਾਪ ਕੋਲ ਜਾਣਾ ਚਾਹੁੰਦੀ ਹੈ। ਨਾਬਾਲਗਾ ਨੇ ਦੱਸਿਆ ਕਿ ਉਹ 9ਵੀਂ ਕਲਾਸ ਦੀ ਵਿਦਿਆਰਥਣ ਹੈ। ਇਸ ਸਾਲ ਉਸ ਨੂੰ ਆਜ਼ਾਦੀ ਦਿਵਸ 'ਤੇ ਡੀ. ਸੀ. ਨੇ ਸਨਮਾਨਤ ਕੀਤਾ ਸੀ। ਰਾਜਸਥਾਨ 'ਚ ਰਹਿਣ ਵਾਲੀ ਉਸ ਦੀ ਭੂਆ ਦੀ ਬੇਟੀ ਉਨ੍ਹਾਂ ਦੇ ਘਰ ਆਈ ਹੋਈ ਸੀ। ਜਦੋਂ ਉਹ ਵਾਪਸ ਰਾਜਸਥਾਨ ਜਾਣ ਲੱਗੀ ਤਾਂ ਉਹ ਉਸ ਨੂੰ ਛੱਡਣ ਦੇ ਬਹਾਨੇ ਆਪਣੇ ਨਾਲ ਲੈ ਗਈ। ਉਸ ਦਾ ਸਾਮਾਨ ਛੱਡ ਕੇ ਉਹ ਵਾਪਸ ਆਉਣ ਲੱਗੀ ਤਾਂ ਉਹ ਉਸ ਨੂੰ ਵਰਗਲਾ ਕੇ ਧੱਕੇ ਨਾਲ ਆਪਣੇ ਨਾਲ ਲੈ ਗਈ। ਉੱਥੇ ਜਾ ਕੇ ਉਹ ਉਸ ਨੂੰ ਇਕ ਘਰ ਵਿਚ ਲੈ ਕੇ ਗਈ ਅਤੇ 45 ਸਾਲ ਦੇ ਵਿਅਕਤੀ ਨਾਲ ਉਸ ਦੇ ਵਿਆਹ ਦੀ ਗੱਲ ਕਰਨ ਲੱਗੀ ਪਰ ਉਸ ਦੀ ਉਮਰ ਛੋਟੀ ਹੋਣ ਕਾਰਨ ਵਿਅਕਤੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਨਾਬਾਲਗਾ ਨੇ ਦੱਸਿਆ ਕਿ ਉਨ੍ਹਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਫੁਫੇਰੀ ਭੈਣ ਨੇ ਉਸ ਵਿਅਕਤੀ ਤੋਂ 4 ਹਜ਼ਾਰ ਰੁਪਏ ਲਏ ਸਨ, ਜਿਸ ਦੇ ਬਦਲੇ ਫੁਫੇਰੀ ਭੈਣ ਨੇ ਮੈਨੂੰ ਉਨ੍ਹਾਂ ਦੇ ਹਵਾਲੇ ਕਰਨਾ ਸੀ। ਜਦੋਂ ਗੱਲ ਨਾ ਬਣੀ ਤਾਂ ਵਿਅਕਤੀ ਨੇ ਆਪਣੇ 4 ਹਜ਼ਾਰ ਰੁਪਏ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਪਰ ਉਸ ਦੀ ਫੁਫੇਰੀ ਭੈਣ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਮੁੜ ਇਕ ਹੋਰ 35 ਸਾਲ ਦੀ ਉਮਰ ਦੀ ਔਰਤ ਲੈ ਕੇ ਆਵੇਗੀ ਅਤੇ ਉਸ 'ਚ ਹਿਸਾਬ ਕਰ ਲਵੇਗੀ। ਇਸ ਦੌਰਾਨ ਫੁਫੇਰੀ ਭੈਣ ਨੇ ਇਕ ਹੋਰ ਵਿਅਕਤੀ ਨਾਲ ਉਸ ਨੂੰ ਬਾਜ਼ਾਰ ਭੇਜ ਦਿੱਤਾ, ਜਿਸ ਨੇ ਉਸ ਨੂੰ ਬਾਜ਼ਾਰ ਤੋਂ ਕੱਪੜੇ ਲੈ ਕੇ ਦਿੱਤੇ ਅਤੇ ਉਸ ਦੇ ਨਾਲ ਛੇੜਛਾੜ ਵੀ ਕੀਤੀ। ਵਿਰੋਧ ਕਰਨ 'ਤੇ ਉਹ ਉਸ ਨੂੰ ਪਾਰਕ 'ਚ ਛੱਡ ਕੇ ਚਲਾ ਗਿਆ। ਬਾਅਦ 'ਚ ਉਸ ਦੀ ਫੁਫੇਰੀ ਭੈਣ ਉਸ ਨੂੰ ਲੈ ਕੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸਵੇਰੇ 5 ਵਜੇ ਆਈ ਅਤੇ ਉਸ ਨੂੰ ਛੱਡ ਕੇ ਬਹਾਨੇ ਨਾਲ ਚਲੀ ਗਈ।

ਆਰ. ਪੀ. ਐੱਫ. ਦੇ ਅਧਿਕਾਰੀਆਂ ਨੇ ਇਸ ਨਾਬਾਲਗਾ ਦੇ ਬਰਾਮਦ ਹੋਣ ਦੀ ਸੂਚਨਾ ਮੋਗਾ ਪੁਲਸ ਨੂੰ ਦਿੱਤੀ ਤਾਂ ਪਤਾ ਲੱਗਾ ਕਿ ਨਾਬਾਲਗਾ ਨੂੰ ਸਟੇਸ਼ਨ 'ਤੇ ਛੱਡਣ ਤੋਂ ਬਾਅਦ ਉਸ ਦੀ ਫੁਫੇਰੀ ਭੈਣ ਖੁਦ ਹੀ ਮੋਗਾ ਪੁਲਸ ਨੂੰ ਸੂਚਿਤ ਕਰਨ ਲਈ ਪੁੱਜ ਗਈ ਸੀ ਅਤੇ ਬੱਚੀ ਨੂੰ ਲੱਭਣ ਲਈ ਕਹਿਣ ਲੱਗੀ। ਪਤਾ ਲੱਗਣ 'ਤੇ ਮੋਗਾ ਪੁਲਸ ਨਾਬਾਲਗਾ ਦੇ ਮਾਂ ਬਾਪ ਨੂੰ ਲੈ ਕੇ ਲੁਧਿਆਣਾ ਆਈ। ਆਰ. ਪੀ. ਐੱਫ. ਦੀ ਟੀਮ ਅਤੇ ਚਾਈਲਡ ਲਾਈਨ ਦੀ ਟੀਮ ਦੇ ਮੈਂਬਰਾਂ ਨੇ ਬੱਚੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਟੀਮ ਨੇ ਮੋਗਾ ਪੁਲਸ ਨੂੰ ਨਾਬਾਲਗਾ ਦੀ ਫੁਫੇਰੀ ਭੈਣ ਖਿਲਾਫ ਸ਼ਿਕਾਇਤ ਦੇ ਆਧਾਰ 'ਤੇ ਬੱਚੀ ਨੂੰ ਕਿਡਨੈਪ ਕਰ ਕੇ ਵੇਚਣ ਦੇ ਦੋਸ਼ ਵਿਚ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ।

ਆਪਸੀ ਪਰਿਵਾਰਕ ਮਾਮਲਾ
ਜਦੋਂ ਇਸ ਸਬੰਧੀ ਮੋਗਾ ਪੁਲਸ ਸਟੇਸ਼ਨ ਦੇ ਇੰਸ. ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾਬਾਲਗਾ ਦੇ ਮਾਂ-ਬਾਪ ਤੋਂ ਸ਼ਿਕਾÎਇਤ ਮਿਲੀ ਸੀ ਪਰ ਬੱਚੀ ਨੂੰ ਵੇਚਣ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ। ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦਾ ਪਰਿਵਾਰਕ ਮਾਮਲਾ ਸੀ, ਜਿਸ 'ਤੇ ਉਨ੍ਹਾਂ ਦਾ ਆਪਸ ਵਿਚ ਸਮਝੌਤਾ ਕਰਵਾ ਦਿੱਤਾ ਗਿਆ ਹੈ। ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ।

ਧਿਆਨ ਰਹੇ ਕਿ ਪੁਲਸ ਨੇ ਬੱਚੀ ਦੇ ਬਿਆਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਨਾ ਹੀ ਕਾਰਵਾਈ ਕੀਤੀ। ਜਦੋਂਕਿ ਬੱਚੀ ਦਾ ਕਹਿਣਾ ਹੈ ਕਿ ਉਸ ਦੀ ਫੁਫੇਰੀ ਭੈਣ ਨੇ ਵਿਅਕਤੀ ਤੋਂ 4 ਹਜ਼ਾਰ ਰੁਪਏ ਲਏ ਸਨ।

ਕੇਸ ਦੀ ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ
ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਅਮਰਜੀਤ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ Îਧਿਆਨ 'ਚ ਨਹੀਂ ਹੈ। ਅਜੇ ਪਤਾ ਲੱਗਾ ਹੈ ਕਿ ਇਸ ਸਬੰਧੀ ਪਤਾ ਕਰ ਕੇ ਜੋ ਵੀ ਯੋਗ ਕਾਰਵਾਈ ਹੋਵੇਗੀ ਕਾਨੂੰਨ ਮੁਤਾਬਕ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Anuradha

This news is Content Editor Anuradha