ਸਿਰਸਾ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਵੇ : ਦੰਗਾ ਪੀੜਤ

05/12/2021 1:18:36 AM

ਲੁਧਿਆਣਾ, (ਸਲੂਜਾ)- ਦੰਗਾ ਪੀੜਤ ਵੈੱਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਗਿ. ਹਰਪ੍ਰੀਤ ਸਿੰਘ ਕੋਲੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਕੋਲ ਖੜ੍ਹੇ ਹੋ ਕੇ ‘ਖੂਨ ਦਾ ਬਦਲਾ ਖੂਨ’ ਦਾ ਨਾਅਰਾ ਮਾਰਨ ਵਾਲੇ ਫਿਲਮੀ ਕਲਾਕਾਰ ਅਮਿਤਾਭ ਬੱਚਨ ਕੋਲੋਂ 2 ਕਰੋੜ ਰੁਪਏ ਦਾਨ ਦੇ ਰੂਪ ਵਜੋਂ ਲੈਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਵੇ।

ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ, 8,668 ਪਾਜ਼ੇਟਿਵ

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਦੰਗਾ ਪੀੜਤ ਨੇ ਕਿਹਾ ਕਿ ਫਿਲਮੀ ਕਲਾਕਾਰ ਅਮਿਤਾਭ ਬੱਚਨ ਕੋਲੋਂ ਕੋਵਿਡ ਸੈਂਟਰ ਲਈ ਮਦਦ ਲੈਣ ਵਾਲਾ ਵਿਅਕਤੀ ਗੁਰੂ ਦਾ ਸੱਚਾ ਸਿੱਖ ਨਹੀਂ ਹੋ ਸਕਦਾ। ਇਸ ਲਈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਗਿ. ਹਰਪ੍ਰੀਤ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਸਮੁੱਚੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਤੇ ਫਿਲਮੀ ਕਲਾਕਾਰ ਅਮਿਤਾਭ ਬੱਚਨ ਨਾਲ ਆਪਣੀ ਯਾਰੀ ਪੁਗਾਉਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਫੌਰੀ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਵੇ। ਇਸ ਦੇ ਨਾਲ ਹੀ ਲਈ ਗਈ 2 ਕਰੋੜ ਦੀ ਰਾਸ਼ੀ ਤੁਰੰਤ ਅਮਿਤਾਭ ਬੱਚਨ ਨੂੰ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਜਾਣ।

ਇਹ ਵੀ ਪੜ੍ਹੋ: ਕੈਪਟਨ ਸਰਕਾਰ ਦਿੱਲੀ-ਕੱਟੜਾ ਮਾਰਗ ਲਈ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਹਣ ਲੱਗੀ : ਮਾਨ

ਇਸ ਮੌਕੇ ਸਿੱਖ ਕਤਲੇਆਮ ਦਾ ਦਰਦ ਹੰਢਾਉਣ ਵਾਲੀ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਗੁਰੂਘਰ ਅੰਦਰ ਚੱਲ ਰਹੇ ਸੇਵਾ ਕਾਰਜਾਂ ’ਚ ਦਾਨ ਰਾਸ਼ੀ ਦੇ ਕੇ ਅਮਿਤਾਭ ਬੱਚਨ ਕਲੀਨ ਚਿੱਟ ਨਹੀਂ ਪ੍ਰਾਪਤ ਕਰ ਸਕਦਾ। ਜੇਕਰ ਉਸ ਨੇ ਆਪਣੀ ਭੁੱਲ ਬਖਸ਼ਾਉਣੀ ਹੈ ਤਾਂ ਸਮੁੱਚੀ ਸਿੱਖ ਕੌਮ ਤੋਂ ਆਪਣੇ ਕੀਤੇ ਹੋਏ ਗੁਨਾਹ ਦੀ ਮੁਆਫੀ ਮੰਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਵੇ। ਇਸ ਸਮੇਂ ਗੁਰਦੇਵ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ ਕੋਹਲੀ, ਚਰਨਜੀਤ ਸਿੰਘ ਬੱਬੂ ਤੇ ਜਸਪਾਲ ਸਿੰਘ ਹਾਜ਼ਰ ਸਨ।

Bharat Thapa

This news is Content Editor Bharat Thapa